ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਵਿਦੇਸ਼ਾਂ ਵਿੱਚ ਵੀ ਹਨ। ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਸਿੱਧੂ ਮੂਸੇਵਾਲਾ ਦਾ ਮਰਨ ਉਪਰੰਤ ਸਨਮਾਨਤ ਕੀਤਾ ਗਿਆ। ਮੂਸੇਵਾਲਾ ਦੀ ਯਾਦ ਨੂੰ ਸਦੀਵੀਂ ਬਣਾਈ ਰਖਣ ਲਈ ਇਥੇ ਇੱਕ ਕੰਧ ‘ਤੇ ਉਨ੍ਹਾਂ ਦੀ ਵਿਸ਼ਾਲ ਤਸਵੀਰ ਬਣਾਈ ਜਾਏਗੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ 2017 ਵਿੱਚ ਕੈਨੇਡਾ ਵਿੱਚ ਸ਼ਿਫਟ ਹੋਣ ਵੇਲੇ ਬਰੈਂਪਟਨ ਵਿੱਚ ਰਹੇ ਸਨ ਤੇ ਇਥੋਂ ਹੀ ਉਨ੍ਹਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਨਗਰ ਕੌਂਸਲ ਵੱਲੋਂ ਰੀਜ਼ਨਲ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਵਾਰਡ 9 ਅਤੇ 10 ਤੋਂ ਸਿਟੀ ਕੌਂਸਲਰ ਹਰਕੀਰਤ ਸਿੰਘ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਮੁਤਾਬਕ ਸਿਟੀ ਕੌਂਸਲ ਆਫ਼ ਬਰੈਂਪਟਨ ਨੇ ਇੱਕ ਵਿਸ਼ਾਲ ਕੰਧ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ (Mural) ਬਣਾਉਣ ਲਈ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਸੁਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਸਭਾ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੀ ਮਾਤਾ ਚਰਨ ਕੌਰ ਵੱਲੋਂ ਕੀਤੀ ਗਈ ਬੇਨਤੀ ਮੁਤਾਬਕ ਇੱਕ ਰੁੱਖ ਵੀ ਲਗਾਇਆ ਜਾਵੇਗਾ।
ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗਾਇਕ ਦੇ ਅੰਤਿਮ ਅਰਦਾਸ ਵਾਲੇ ਦਿਨ ਉਨ੍ਹਾਂ ਦੀ ਮਾਂ ਨੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਉਸ ਦੀ ਯਾਦ ਵਿੱਚ ਰੁੱਖ ਲਾ ਕੇ ਉਸ ਨੂੰ ਪਾਲਣ। ਸਿੱਧੂ ਮੂਸੇਵਾਲਾ ਦੇ ਬੇਹਿਸਾਬ ਪ੍ਰਸ਼ੰਸਕ ਹਨ, ਇਸ ਦਾ ਪਤਾ ਉਨ੍ਹਾਂ ਦੇ ਭੋਗ ਵਾਲੇ ਦਿਨ ਮਾਨਸਾ ਵਿੱਚ ਆਏ ਲੋਕਾਂ ਦੇ ਆਏ ਹੜ੍ਹ ਨੂੰ ਵੇਖ ਕੇ ਸਾਫ ਪਤਾ ਲੱਗਦਾ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਸਾਹਮਣੇ ਆਈ ਉਨ੍ਹਾਂ ਦੀ ਸ਼ਖਸੀਅਤ ਤੋਂ ਵੀ ਲੋਕ ਬਹੁਤ ਪ੍ਰਭਾਵਿਤ ਹੋਏ। ਮੂਸੇਵਾਲਾ ਦੀ ਮੌਤ ਨੇ ਪੂਰੇ ਪੰਜਾਬ ਨੂੰ ਕੀ ਵਿਦੇਸ਼ਾਂ ਵਿੱਚ ਵੀ ਕਲਾਕਾਰਾਂ ਨੂੰ ਹਿਲਾ ਕੇ ਰਖ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: