ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਦੌਰੇ ‘ਤੇ ਆਉਣਗੇ। ਬਿਲਾਵਲ ਦਾ ਇਹ ਦੌਰਾ ਅਗਲੇ ਮਹੀਨੇ ਦੀ ਸ਼ੁਰੂਆਤ ‘ਚ 4 ਮਈ ਨੂੰ ਹੋਵੇਗਾ। 2014 ‘ਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਬਾਅਦ ਸੱਤਾਧਾਰੀ ਪਾਕਿਸਤਾਨੀ ਨੇਤਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।
ਅਧਿਕਾਰਤ ਸੂਤਰਾਂ ਮੁਤਾਬਕ ਚੀਨ ਦੀ ਅਗਵਾਈ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ਭਾਰਤ ‘ਚ 4-5 ਮਈ ਨੂੰ ਹੋਵੇਗੀ। ਇਸ ਸੰਗਠਨ ਵਿਚ ਚੀਨ, ਰੂਸ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ ਅਤੇ ਤਾਜਿਕਸਤਾਨ ਸ਼ਾਮਲ ਸਨ, ਬਾਅਦ ਵਿਚ ਭਾਰਤ ਅਤੇ ਪਾਕਿਸਤਾਨ ਵੀ ਇਸ ਵਿਚ ਸ਼ਾਮਲ ਹੋ ਗਏ। ਇਸ ਵਾਰ ਜਦੋਂ SCO ਦੀ ਬੈਠਕ ਭਾਰਤ ‘ਚ ਕਰਵਾਉਣ ਦਾ ਫੈਸਲਾ ਹੋਇਆ ਤਾਂ ਪਾਕਿਸਤਾਨ ਨੇ ਇਤਰਾਜ਼ ਜਤਾਇਆ ਸੀ ਪਰ ਹੁਣ ਖਬਰ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਇਸ ਬੈਠਕ ‘ਚ ਹਿੱਸਾ ਲੈਣਗੇ। ਉਸ ਦਿਨ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸੰਮੇਲਨ ਹੋਣਾ ਹੈ।
ਪਾਕਿਸਤਾਨੀ ਮੀਡੀਆ ਵਿੱਚ ਵੀ ਬਿਲਾਵਲ ਦੇ ਐਸਸੀਓ ਮੀਟਿੰਗ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਦੱਸ ਦੇਈਏ ਕਿ ਬਿਲਾਵਲ ਭੁੱਟੋ ਪਾਕਿਸਤਾਨ ਦੇ ਸਭ ਤੋਂ ਨੌਜਵਾਨ ਮੰਤਰੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਉਮਰ 34 ਸਾਲ ਹੈ। ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਪੁੱਤਰ ਹਨ।
ਬਿਲਾਵਲ ਦਾ ਜਨਮ 21 ਸਤੰਬਰ 1988 ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਵਿਦੇਸ਼ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। 27 ਅਪ੍ਰੈਲ 2022 ਨੂੰ, ਬਿਲਾਵਲ ਨੂੰ ਦੇਸ਼ ਦਾ 37ਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਹ ਜਿਸ ਪਾਰਟੀ ਵਿਚ ਹਨ, ਉਸ ਨੂੰ ‘ਪਾਕਿਸਤਾਨ ਪੀਪਲਜ਼ ਪਾਰਟੀ’ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ICC ਵਰਲਡ ਕੱਪ ਤੋਂ ਪਹਿਲਾਂ ਵੱਡੀ ਖ਼ਬਰ, ਵਿਰਾਟ ਕੋਹਲੀ ਨੂੰ ਵਾਪਸ ਮਿਲੀ T20 ਦੀ ਕਪਤਾਨੀ
ਬਿਲਾਵਲ ਭੁੱਟੋ ਆਪਣੀ ‘ਭਾਰਤ ਵਿਰੋਧੀ’ ਬਿਆਨਬਾਜ਼ੀ ਕਾਰਨ ਪਾਕਿਸਤਾਨੀ ਸਿਆਸਤ ‘ਚ ਸੁਰਖੀਆਂ ‘ਚ ਰਹੇ ਹਨ। ਉਹ ਸਾਲਾਂ ਤੋਂ ਕਸ਼ਮੀਰ ਬਾਰੇ ਤਿੱਖੀਆਂ ਟਿੱਪਣੀਆਂ ਕਰਦੇ ਆ ਰਹੇ ਹਨ। ਸੰਯੁਕਤ ਰਾਸ਼ਟਰ ਵਿੱਚ ਉਨ੍ਹਾਂ ਨੇ ਕਸ਼ਮੀਰ ਰਾਗ ਦਾ ਵਾਰ-ਵਾਰ ਅਲਾਪਿਆ। ਹਾਲਾਂਕਿ ਉਥੋਂ ਦੇ ਭਾਰਤੀ ਪ੍ਰਤੀਨਿਧੀ ਨੇ ਹਰ ਵਾਰ ਉਸ ਨੂੰ ਢੁਕਵੀਂ ਭਾਸ਼ਾ ਵਿੱਚ ਜਵਾਬ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: