ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਸ਼ਨੀਵਾਰ ਨੂੰ ਬਲਾਚੌਰ ਵਿਚ ਚੋਣ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ 1984 ਵਿਚ ਦਿੱਲੀ ਦੰਗਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ 84 ਦੇ ਦਿੱਲੀ ਦੰਗਿਆਂ ਦੌਰਾਨ ਕਾਂਗਰਸੀ ਆਗੂ ਕਿਹਾ ਕਰਦੇ ਸਨ ਕਿ “ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ”। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਸਨ, ਜਿਨ੍ਹਾਂ ਨੇ ਦੰਗਿਆਂ ‘ਚ ਆਪਣੇ ਹੱਥ ਖੂਨ ਨਾਲ ਰੰਗੇ ਸਨ ਇਹ ਉਹ ਕਾਂਗਰਸੀ ਸਨ ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। ਇਹ ਉਹ ਕਾਂਗਰਸੀ ਸਨ ਜਿਨ੍ਹਾਂ ਨੇ ਆਜ਼ਾਦ ਭਾਰਤ ਵਿਚ ਅਜਿਹੀ ਸਥਿਤੀ ਲਿਆ ਦਿੱਤੀ ਜਿਸ ਵਿਚ ਭਰਾ-ਭਰਾ ਨੂੰ ਮਾਰਨ ਲੱਗਾ ਸੀ। 30 ਸਾਲ ਤੱਕ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੋਸ਼ੀ ਘੁੰਮਦੇ ਰਹੇ, ਕਿਸੇ ਨੇ ਸੁਧ ਨਹੀਂ ਲਈ। ਕਮਿਸ਼ਨ ਬੈਠੇ, ਜਾਂਚ ਹੋਈ ਪਰ ਪੀੜਤਾਂ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ ਆਇਆ। ਪੀਐੱਮ ਮੋਦੀ ਨੇ SIT ਬਿਠਾਈ ਤੇ ਅੱਜ ਦਿੱਲੀ ਦੇ ਦੰਗਿਆਂ ਵਿਚ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਸਨ, ਉਹ ਅੱਜ ਜੇਲ੍ਹ ਵਿਚ ਹਨ।
ਨੱਢਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਵੀਰਾਂ ਦੀ ਧਰਤੀ ਹੈ, ਧਾਰਮਿਕ ਗੁਰੂਆਂ ਦੀ ਧਰਤੀ ਹੈ, ਪਵਿੱਤਰ ਭੂਮੀ ਹੈ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ, ਦੇਸ਼ ਦੀ ਸੁਰੱਖਿਆ ਲਈ ਪੰਜਾਬ ਦੇ ਵੀਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਹ ਸ਼ਹੀਦ ਭਗਤ ਸਿੰਘ ਦੀ ਭੂਮੀ ਹੈ। ਮੈਂ ਅਜਿਹੀ ਧਰਤੀ ਨੂੰ ਨਮਨ ਕਰਦਾ ਹਾਂ। ਪੰਜਾਬ ਬਾਰੇ, ਸਿੱਖ ਭਰਾਵਾਂ ਬਾਰੇ ਸਾਰਿਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਅੱਜ ਤੱਕ ਕਿਸੇ ਨੇ ਸਿੱਖ ਭਰਾਵਾਂ ਲਈ, ਕਿਸਾਨਾਂ ਲਈ ਉਹ ਸਾਰਾ ਕੁਝ ਨਹੀਂ ਕੀਤਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਗੁਰਦੁਆਰਿਆਂ ਵਿਚ ਪਹੁੰਚਣ ਵਾਲੇ ਲੰਗਰ ਦੇ ਸਾਮਾਨ ‘ਤੇ ਪਹਿਲਾਂ ਦੀਆਂ ਸਰਕਾਰਾਂ ਵਿਚ ਟੈਕਸ ਲੱਗਦਾ ਸੀ। PM ਮੋਦੀ ਨੇ ਸਾਰੇ ਗੁਰਦੁਆਰਿਆਂ ਨੂੰ ਲੰਗਰ ਲਈ ਟੈਕਸ ਫ੍ਰੀ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਕਾਰੀਡੋਰ ਲਈ ਸਾਲਾਂ ਤੋਂ ਮੰਗ ਹੋ ਰਹੀ ਸੀ। ਕਿੰਨੇ ਹੀ ਨੇਤਾ ਆਏ ਜੋ ਪੰਜਾਬ ਦੀ ਗੱਦੀ ‘ਤੇ ਬੈਠੇ ਪਰ ਕਿਸੇ ਨੇ ਕੁਝ ਨਹੀਂ ਪੁੱਛਿਆ। PM ਮੋਦੀ ਨੇ 120 ਕਰੋੜ ਰੁਪਏ ਦੀ ਲਾਗਤ ਨਾਲ ਕਰਤਾਰਪੁਰ ਕਾਰੀਡੋਰ ਬਣਾ ਕੇ ਲੱਖਾਂ ਸ਼ਰਧਾਲੂਆਂ ਦੇ ਗੁਰਦੁਆਰੇ ਤੱਕ ਜਾਣ ਦੀ ਵਿਵਸਥਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਕਰਕੇ ਮੈਦਾਨ ਵਿਚ ਉਤਰੀ ਭਾਜਪਾ ਨੇ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਦੇ ਬਾਅਦ ਨੱਢਾ ਰਾਜਪੁਰਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।