ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਨੀਵਾਰ 17 ਦਸੰਬਰ ਨੂੰ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਕਰੇਗੀ। ਇਹ ਪ੍ਰਦਰਸ਼ਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੱਲੋਂ ਪੀ.ਐੱਮ. ਨਰਿੰਦਰ ਮੋਦੀ ‘ਤੇ ਬੇਹੱਦ ਸ਼ਰਮਨਾਕ ਅਤੇ ਅਪਮਾਨਜਨਕ ਟਿੱਪਣੀ ਦੇ ਖਿਲਾਫ ਹੋਵੇਗਾ। ਦੇਸ਼ ਭਰ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਭਾਜਪਾ ਵਰਕਰ ਪਾਕਿਸਤਾਨ ਅਤੇ ਉਸ ਦੇ ਵਿਦੇਸ਼ ਮੰਤਰੀ ਦਾ ਪੁਤਲਾ ਫੂਕਣਗੇ।
ਭਾਜਪਾ ਨੇ ਕਿਹਾ ਹੈ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਟਿੱਪਣੀ ਸ਼ਰਮਨਾਕ, ਬੇਹੱਦ ਅਪਮਾਨਜਨਕ ਅਤੇ ਕਾਇਰਤਾ ਨਾਲ ਭਰੀ ਹੈ। ਇਹ ਬਿਆਨ ਸਿਰਫ਼ ਸੱਤਾ ਵਿੱਚ ਬਣੇ ਰਹਿਣ ਅਤੇ ਸਰਕਾਰ ਨੂੰ ਬਚਾਉਣ ਲਈ ਦਿੱਤਾ ਗਿਆ ਹੈ। ਉਨ੍ਹਾਂ ਦਾ ਇਹ ਬਿਆਨ ਦੁਨੀਆ ਨੂੰ ਗੁੰਮਰਾਹ ਕਰਨ ਵਾਲਾ ਹੈ ਅਤੇ ਪਾਕਿਸਤਾਨ ਦੀ ਡਿੱਗ ਰਹੀ ਆਰਥਿਕਤਾ ਤੋਂ ਦੁਨੀਆ ਦਾ ਧਿਆਨ ਹਟਾਉਣ ਦੇ ਉਦੇਸ਼ ਨਾਲ ਆਇਆ ਹੈ।
ਭਾਜਪਾ ਨੇ ਕਿਹਾ ਹੈ ਕਿ ਪਾਕਿਸਤਾਨ ‘ਚ ਅਰਾਜਕਤਾ ਅਤੇ ਪਾਕਿਸਤਾਨੀ ਫੌਜ ‘ਚ ਵਧਦੇ ਮਤਭੇਦ ਦੇ ਨਾਲ-ਨਾਲ ਇਸ ਦੇ ਵਿਗੜਦੇ ਗਲੋਬਲ ਰਿਸ਼ਤਿਆਂ ਤੋਂ ਇਹ ਵੀ ਸੱਚਾਈ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਵੱਡੀ ਪਨਾਹਗਾਹ ਬਣ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਉਸਦੀ ਸੋਚ ਉਸਦੀ ਸਰਕਾਰ ਦੀ ਨਿਰਾਸ਼ਾ ਅਤੇ ਮਾਨਸਿਕ ਦੀਵਾਲੀਆਪਨ ਨੂੰ ਦਰਸਾਉਂਦੀ ਹੈ।
ਭਾਜਪਾ ਨੇ ਇਕ ਬਿਆਨ ‘ਚ ਕਿਹਾ ਕਿ ਇਕ ਪਾਸੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਜਿਨ੍ਹਾਂ ਦੀ ਅਗਵਾਈ ‘ਚ ਭਾਰਤ ਨੇ ਵੱਖ-ਵੱਖ ਆਲਮੀ ਮੰਚਾਂ ‘ਤੇ ਆਪਣੀ ਅਮਿੱਟ ਛਾਪ ਛੱਡੀ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਹੈ ਜਿਸ ਨੂੰ ਵੱਖ-ਵੱਖ ਕੌਮਾਂਤਰੀ ਮੰਚਾਂ ‘ਤੇ ਮਜ਼ਾਕ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ ਹੈ।.. ਇੱਕ ਪਾਸੇ ਭਾਰਤ ਦੀ ਵਿਦੇਸ਼ ਨੀਤੀ ਦੀ ਵਿਸ਼ਵ ਪੱਧਰ ‘ਤੇ ਸ਼ਲਾਘਾ ਹੋ ਰਹੀ ਹੈ, ਦੂਜੇ ਪਾਸੇ ਪਾਕਿਸਤਾਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਸੰਯੁਕਤ ਰਾਸ਼ਟਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਾਫੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਉਸ ਨੇ ਕਿਹਾ ਹੈ ਕਿ, “ਓਸਾਮਾ ਬਿਨ ਲਾਦੇਨ ਮਰ ਗਿਆ ਹੈ, ਪਰ ਗੁਜਰਾਤ ਦਾ ਕਸਾਈ ਜ਼ਿੰਦਾ ਹੈ।” ਭੁੱਟੋ ਨੇ ਭਾਰਤ ਵੱਲੋਂ ਪਾਕਿਸਤਾਨ ਨੂੰ ‘ਅੱਤਵਾਦ ਦਾ ਕੇਂਦਰ’ ਕਹਿਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -: