ਆਮ ਆਦਮੀ ਪਾਰਟੀ ਨੇ ਆਪਣੀਆਂ ਗਾਰੰਟੀਆਂ ਦੇ ਆਧਾਰ ‘ਤੇ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਹੈ। ਇਨ੍ਹਾਂ ਵਿੱਚੋਂ ਜਿਹੜੀ ਪਹਿਲੀ ਗਾਰੰਟੀ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਸੀ ਉਹ ਹੈ 300 ਯੂਨਿਟ ਮੁਫ਼ਤ ਬਿਜਲੀ। ਚੰਗੀ ਖਬਰ ਇਹ ਹੈ ਕਿ ਬਹੁਤ ਜਲਦ ਪੰਜਾਬੀਆਂ ਨੂੰ 300 ਯੂਨਿਟ ਮੁਫਤ ਬਿਜਲੀ ਮਿਲਣ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਦੇ ਲਈ ਬਲਿਊ ਪ੍ਰਿੰਟ ਤਿਆਰ ਕੀਤੇ ਜਾ ਰਹੇ ਹਨ ਤੇ ਇੱਕ ਜਾਂ ਦੋ ਮਹੀਨਿਆਂ ਵਿੱਚ ਖੁਦ ਸੀ.ਐੱਮ. ਭਗਵੰਤ ਮਾਨ ਪੰਜਾਬੀਆਂ ਲਈ ਮੁਫਤ 300 ਯੂਨਿਟ ਬਿਜਲੀ ਦਾ ਐਲਾਨ ਕਰਨਗੇ।
ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਅੱਜ 1 ਅਪ੍ਰੈਲ ਤੋਂ ਪੰਜਾਬ ਵਿੱਚ ਮੁਫਤ 300 ਬਿਜਲੀ ਯੂਨਿਟ ਮਿਲਣੇ ਸ਼ੁਰੂ ਹੋ ਜਾਣਗੇ ਪਰ ਅਜੇ ਅਜਿਹਾ ਨਹੀਂ ਹੋ ਸਕਿਆ। ਪਰ ਇਸ ਦਾ ਬਲਿਊ ਪ੍ਰਿੰਟ ਤਿਆਰ ਹੋ ਚੁੱਕਾ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਪਰ ਇਸ ਵਿੱਚ ਬਹੁਤ ਸਾਰੀਆਂ ਊਣਤਾਈਆਂ ਆ ਰਹੀਆਂ ਹਨ, ਜਿਸ ਕਰਕੇ ਅੱਜ ਫੈਸਲਾ ਲਾਗੂ ਨਹੀਂ ਹੋ ਸਕਿਆ। ਸਰਕਾਰ ਵੱਲੋਂ ਤਿਆਰੀਆਂ ਚੱਲ ਰਹੀਆਂ ਹਨ ਤੇ ਜਲਦ ਹੀ ਮਾਨ ਸਰਕਾਰ ਇਸ ‘ਤੇ ਮੋਹਰ ਲਾਏਗੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਬਿਜਲੀ ਦੇ ਵਾਧੂ ਖਰਚਿਆਂ ਨੂੰ ਵੀ ਸੀਮਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਿਗਮ ਚੋਣਾਂ ਹੋਣੀਆਂ ਹਨ, ਸੀ.ਐੱਮ. ਮਾਨ ਵੱਲੋਂ ਖਾਲੀ ਹੋਈ ਸੰਗਰੂਰ ਸੀਟ ‘ਤੇ ਵੀ ਚੋਣ ਹੋਣੀ ਬਾਕੀ ਹੈ। ਉਥੇ ਹੀ ਪਾਰਟੀ ਨੇ ਗੁਜਰਾਤ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਲਈ ਅੱਜ ਸੀ.ਐੱਮ. ਭਗਵੰਤ ਮਾਨ ਅੱਜ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਏ, ਜਿਥੋਂ ਉਹ ਭਲਕੇ ਰੋਡ ਸ਼ੋਅ ਲਈ ਗੁਜਰਾਤ ਜਾਣਗੇ।
ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਹਾਊਸ ਵਿੱਚ ਉਨ੍ਹਾਂ ਦੀ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਵੀ ਹੋਈ ਜਿਥੇ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਤੇ ਉਨ੍ਹਾਂ ਵਿੱਚੋਂ ਮੁਫਤ ਬਿਜਲੀ ਦਾ ਮੁੱਦਾ ਵੀ ਇੱਕ ਸੀ। ਖੁਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਇਹ ਗਾਰੰਟੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪਾਰਟੀ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹੈ ਕਿ ਮਹਿੰਗੀ ਬਿਜਲੀ ਕਰਕੇ ਪੰਜਾਬ ਵਿੱਚ ਤਖਤੇ ਪਲਟ ਹੋਏ ਹਨ, ਆਮ ਲੋਕਾਂ ਵੱਲੋਂ ਲਗਾਤਾਰ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਕਦੋਂ ਮੁਫਤ ਬਿਜਲੀ ਮਿਲੇਗੀ। ਜੇ ਪਾਰਟੀ ਆਪਣੀ ਇਸ ਪਹਿਲੀ ਗਾਰੰਟੀ ਨੂੰ ਪੂਰਾ ਕਰਨ ਵਿੱਚ ਫੇਲ੍ਹ ਰਹਿੰਦੀ ਹੈ ਤਾਂ ਉਸ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦਾ ਵੀ ਇਹੋ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰੇਗੀ।