ਪਹਿਲਾਂ ਹੀ ਕੋਲੇ ਦੀ ਘਾਟ ਤੇ ਵਾਧੂ ਬਿਜਲੀ ਦੀ ਮੰਗ ਤੇ ਸਪਲਾਈ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੂੰ ਮੰਗਲਵਾਰ ਨੂੰ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਂਟਾਂ ਵਿੱਚ ਇੱਕ-ਇੱਕ ਯੂਨਿਟ ਵਿੱਚ ਬਾਇਲਰ ਲੀਕ ਹੋਣ ਕਰਕੇ ਇੱਕ ਹੋਰ ਝਟਕਾ ਲੱਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਅਗਲੇ ਤਿੰਨ ਦਿਨਾਂ ਲਈ ਪ੍ਰਤੀ ਦਿਨ ਲਗਭਗ 200 ਲੱਖ ਯੂਨਿਟਾਂ ਦੀ ਘਾਟ ਰਹੇਗੀ।
ਪੰਜਾਬ ਪਹਿਲਾਂ ਹੀ 200 ਕਰੋੜ ਰੁਪਏ ਦੀ ਬਿਜਲੀ ਖਰੀਦ ਚੁੱਕਾ ਹੈ ਅਤੇ ਗਰਮੀਆਂ ਦਾ ਤਾਪਮਾਨ ਵਧਣ ਨਾਲ ਬਿਜਲੀ ਦੀ ਕਮੀ ਹੋਰ ਵਧੇਗੀ, ਜਿਸ ਦੇ ਚੱਲਦਿਆਂ ਪੰਜਾਬ ਵਿੱਚ ਲੰਮੇ ਕੱਟ ਲੱਗ ਸਕਦੇ ਹਨ।
ਪੀ.ਐਸ.ਪੀ.ਸੀ.ਐਲ. ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵੇਲੇ ਬਿਜਲੀ ਦੀ ਮੰਗ ਲਗਭਗ 7,500 ਮੈਗਾਵਾਟ ਹੈ ਅਤੇ ਸਪਲਾਈ ਇਸ ਤੋਂ ਘੱਟ ਹੈ, ਜਿਸ ਤੋਂ ਬਾਅਦ ਇਸ ਘਾਟ ਨੂੰ ਪੂਰਾ ਕਰਨ ਲਈ ਬਿਜਲੀ ਕੱਟਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਇਸ ਦੌਰਾਨ ਕੋਲੇ ਦੀ ਘਾਟ ਦਾ ਮਤਲਬ ਹੈ ਕਿ ਜੂਨ ਤੋਂ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 15,000 ਮੈਗਾਵਾਟ ਤੱਕ ਪਹੁੰਚ ਜਾਵੇਗੀ, ਪਰ ਇਸ ਤੋਂ ਪਹਿਲਾਂ ਹੀ ਕੋਲੇ ਦੀ ਘਾਟ ਕਰਕੇ ਲਗਭਗ ਸਾਰੇ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਆਪਣੀ ਪੂਰੀ ਸਮਰੱਥਾ ਤੋਂ ਘੱਟ ਹੈ।
ਜਦੋਂਕਿ PSPCL ਦਾ ਦਾਅਵਾ ਹੈ ਕਿ ਰਾਤ ਦੇ ਘੰਟਿਆਂ ਦੌਰਾਨ ਬਿਜਲੀ ਦੀ ਉੱਚ ਮੰਗ ਕਰਕੇ ਬਿਜਲੀ ਵਿੱਚ ਰੁਕਾਵਟਾਂ ਇੱਕ ਸੀਮਤ ਮਿਆਦ ਲਈ ਹਨ, ਦੂਜੇ ਪਾਸੇ ਬਿਜਲੀ ਮਾਹਰ ਆਉਣ ਵਾਲੇ ਚਾਰ ਮਹੀਨਿਆਂ ਵਿੱਚ ਲੰਬੇ ਬਿਜਲੀ ਕੱਟਾਂ ਦੀ ਚਿਤਾਵਨੀ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਝੋਨੇ ਦਾ ਸੀਜ਼ਨ ਨੇੜੇ ਹੈ ਤੇ ਮਹੀਨਾ ਪਹਿਲਾਂ ਹੀ ਪਟਿਆਲਾ, ਲੁਧਿਆਣਾ, ਜਲੰਧਰ, ਸੰਗਰੂਰ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸ਼ਹਿਰਾਂ ਵਿੱਚ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਹਾਲਾਂਕਿ, ਪੀ.ਐੱਸ.ਪੀ.ਸੀ.ਐੱਲ. ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਬਿਜਲੀ ਹੋਣ ਦਾ ਦਾਅਵਾ ਕਰ ਰਿਹਾ ਹੈ।