ਫਗਵਾੜਾ : ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਦੇ ਵੱਖ-ਵੱਖ ਕੇਡਰ ਨਾਲ ਹੋਈ ਮੀਟਿੰਗ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਮੰਗਾਂ ਨੂੰ ਸੁਣਿਆ ਗਿਆ। ਇਸ ਮੌਕੇ ਕਰਮਚਾਰੀਆਂ ਨੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਪੇ-ਕਮਿਸ਼ਨ ਦੀ ਤਰੁੱਟੀਆਂ ਦੂਰ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਇਨ੍ਹਾਂ ਤਰੁੱਟੀਆਂ ਕਰਕੇ ਕਰਮਚਾਰੀਆਂ ਨੂੰ ਕਾਫੀ ਨੁਕਸਾਨ ਝੱਲਣੇ ਪੈ ਰਹੇ ਹਨ।
ਇਸ ਤੋਂ ਇਲਾਵਾ ਵੈਟਰਨਰੀ ਇੰਸਪੈਕਟਰਾਂ ਦੇ ਤਰੱਕੀਆਂ ਦੇ ਚੈਨਲ ਨੂੰ ਸਹੀ ਢੰਗ ਨਾਲ ਪੁਨਰਗਠਿਤ ਕਰਕੇ ਗਜ਼ਟਿਡ ਪੋਸਟ ਤੱਕ ਲੈ ਕੇ ਜਾਣ ਦੀ ਮੰਗ ਰੱਖੀ ਗਈ ਜਦਕਿ ਰੂਰਲ ਵੈਟਰਨਰੀ ਫਾਰਮਾਸਿਸਟਾਂ ਨੂੰ ਸਹੀ ਤਰੀਕੇ ਨਾਲ ਵਿਭਾਗ ਦੇ ਕਿਸੇ ਵੀ ਕੇਡਰ ‘ਚ ਸ਼ਾਮਲ ਕਰਨਾ ਵੀ ਰੱਖੀਆਂ ਗਈਆਂ ਮੰਗਾਂ ਵਿੱਚ ਸ਼ਾਮਲ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਦੇ ਨਾਲ ਹੀ ਦਰਜਾ ਚਾਰ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਪੋਸਟਾਂ ਨੂੰ ਭਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਵੀ ਮੁੱਦਾ ਚੁੱਕਿਆ ਗਿਆ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਹਾਜ਼ਰੀ ਨੂੰ ਸੰਬੋਧਤ ਕਰਦਿਆਂ ਕਿਹਾ ਕਿ 2022 ਵਿੱਚ ਸੱਤਾ ਬਣਨ ਤੇ ਹਰ ਵਿਭਾਗ ਦੇ ਮੁਲਾਜ਼ਮਾਂ ਦੀ ਮੰਗਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪਹਿਲ ਦੇ ਆਧਾਰ ‘ਤੇ ਮੰਨੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਹਰ ਸੂਬੇ ਦੇ ਜਾਨ-ਪ੍ਰਾਣ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰਾਂ ਨੇ ਹੀ ਮੰਨਣਾ ਹੁੰਦਾ ਹੈ।
ਜਥੇਬੰਦੀਆਂ ਨਾਲ ਗੱਲਬਾਤ ਦੌਰਾਨ ਇੱਕ ਗੱਲ ਜੋ ਉਭਰ ਕੇ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਸਾਰੇ ਵਰਗਾਂ ਦੇ ਨਾਲ ਨਾਲ ਸਾਰਾ ਮੁਲਾਜ਼ਮ ਵਰਗ ਵੀ ਪੰਜਾਬ ਦੀ ਕੈਪਟਨ ਸਰਕਾਰ ਤੋਂ ਕਾਫੀ ਔਖਾ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਜਿਵੇਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਈ ਉਸੇ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਵੀ ਪੂਰਾ ਨਹੀਂ ਕੀਤਾ ਜਿਸ ਤੋਂ ਸਾਫ ਹੋ ਗਿਆ ਹੈ ਕਿ ਝੂਠੇ ਲਾਅਰੇ ਅਤੇ ਵਾਅਦੇ ਕਰਕੇ ਕਾਂਗਰਸ ਨੇ ਪੰਜਾਬ ਦੀ ਸੱਤਾ ਹਾਸਲ ਕੀਤੀ ਸੀ।
ਪਰ ਹੁਣ ਲੋਕ ਕਾਂਗਰਸ ਨੂੰ ਸੱਤਾ ਵਿੱਚੋਂ ਬਾਹਰ ਕਰਨ ਲਈ ਆਪ ਮੁਹਾਰੇ ਤੁਰ ਪਏ ਹਨ ਅਤੇ ਆਉਂਦੀਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ-ਬਸਪਾ ਦੀ ਸਰਕਾਰ ਬਣਾਉਣ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਸਤੇ ਤੇ ਮੁੜ ਤੋਂ ਲਿਜਾਂਦਾ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ ਦੇ ਫੁਟਬਾਲ ਚੌਂਕ ‘ਤੇ ਵੱਡੀ ਵਾਰਦਾਤ- ਗੈਂਗ ਨੇ ਜ਼ਬਰਦਸਤੀ ਔਰਤ ਨੂੰ ਕਾਰ ‘ਚ ਬਿਠਾ ਕੇ ਉਤਾਰੇ ਸੋਨੇ ਦੇ ਕੜੇ, ਅਗਲੇ ਚੌਂਕ ‘ਤੇ ਸੁੱਟਿਆ
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਟਾਇਰਡ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਜੀਤ ਸਿੰਘ, ਰਿਟਾਇਰਡ ਵੈਟਰਨਰੀ ਇੰਸਪੈਕਟਰ ਰਾਮ ਲੁਭਾਇਆ, ਵੈਟਰਨਰੀ ਇੰਸਪੈਕਟਰ ਨਿਰਮਲ ਸਿੰਘ ਭਿੰਡਰ, ਵੈਟਰਨਰੀ ਇੰਸਪੈਕਟਰ ਸੁਰਜੀਤ ਸਿੰਘ, ਵੈਟਰਨਰੀ ਇੰਸਪੈਕਟਰ ਕੁਲਵੰਤ ਸਿੰਘ ਭਿੰਡਰ, ਗੁਲਜ਼ਾਰ ਸਿੰਘ, ਏ.ਆਈ ਵਰਕਰ ਲਵਲੀਨ ਕੁਮਾਰ, ਏ.ਆਈ ਵਰਕਰ ਹਰਦੀਪ ਕੁਮਾਰ, ਏ.ਆਈ ਵਰਕਰ ਗੁਰਮੀਤ ਸਿੰਘ ਦੇ ਨਾਲ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਤੇ ਲੇਖਰਾਜ ਜਮਾਲਪੁਰੀ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ।