ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਪਰਨਮਬੁਕੋ ਵਿੱਚ ਇੱਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੇਘਰੇ ਲੋਕਾਂ ਵੱਲੋਂ ਵਰਤੀ ਜਾਂਦੀ ਇੱਕ ਇਮਾਰਤ ਢਹਿ ਗਈ। ਇਸ ਹਾਦਸੇ ‘ਚ ਹੁਣ ਤੱਕ 6 ਬੱਚਿਆਂ ਸਣੇ ਕੁੱਲ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਮਾਰਤ ਡਿੱਗਣ ਦੀ ਇਹ ਘਟਨਾ ਸ਼ੁੱਕਰਵਾਰ ਤੜਕੇ ਦੀ ਦੱਸੀ ਜਾ ਰਹੀ ਹੈ। ਫਿਲਹਾਲ ਇਮਾਰਤ ‘ਚ ਫਸੇ ਲੋਕਾਂ ਨੂੰ ਕੱਢਣ ਲਈ ਖੋਜੀ ਕੁੱਤਿਆਂ ਦੀ ਮਦਦ ਵੀ ਲਈ ਜਾ ਰਹੀ ਹੈ।
ਫਾਇਰ ਬ੍ਰਿਗੇਡ ਅਮਲੇ ਮੁਤਾਬਕ ਸ਼ਨੀਵਾਰ ਨੂੰ ਖੋਜੀ ਕੁੱਤਿਆਂ ਦੀ ਮਦਦ ਨਾਲ ਬਚਾਅ ਅਤੇ ਰਾਹਤ ਕਾਰਜ ਟੀਮ ਨੇ ਮਲਬੇ ਹੇਠ ਦੱਬੀ 15 ਸਾਲਾਂ ਲੜਕੀ ਅਤੇ 65 ਸਾਲਾਂ ਔਰਤ ਨੂੰ ਜ਼ਿੰਦਾ ਬਚਾਇਆ। ਇਸ ਦੇ ਨਾਲ ਹੀ ਇਕ 18 ਸਾਲਾਂ ਮੁੰਡੇ ਨੂੰ ਵੀ ਜ਼ਿੰਦਾ ਬਚਾ ਲਿਆ ਗਿਆ ਪਰ ਬਾਅਦ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਟੀਮ ਦਾ ਕਹਿਣਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਨੇ ਹੁਣ ਇਮਾਰਤ ‘ਚ ਫਸੇ ਜਾਨਵਰਾਂ ਨੂੰ ਬਾਹਰ ਕੱਢਣ ‘ਤੇ ਧਿਆਨ ਦਿੱਤਾ ਹੈ ਕਿਉਂਕਿ ਬੇਜ਼ੁਬਾਨ ਵੀ ਉਥੇ ਫਸੇ ਹੋਏ ਹਨ।
ਬ੍ਰਾਜ਼ੀਲ ਦੇ ਇੱਕ ਅਖਬਾਰ ਮੁਤਾਬਕ ਇਸ ਇਮਾਰਤ ‘ਤੇ ਬੇਘਰ ਲੋਕਾਂ ਦਾ ਕਬਜ਼ਾ ਸੀ, ਹਾਲਾਂਕਿ 2010 ਤੋਂ ਇੱਥੇ ਲੋਕਾਂ ਦੇ ਰਹਿਣ ‘ਤੇ ਪਾਬੰਦੀ ਸੀ। ਇਮਾਰਤ ਬਾਰੇ ਸ਼ਹਿਰ ਦੇ ਅਧਿਕਾਰੀਆਂ ਨੇ ਇਸ ਨੂੰ ‘ਕਾਫ਼ਿਨ ਬਲਾਕ’ ਐਲਾਨ ਦਿੱਤਾ ਸੀ। ਇਮਾਰਤ ਨੂੰ ਕਾਫਿਨ ਬਲਾਕ ਨਾਂ ਦੇਣ ਦਾ ਮਤਲਬ ਇਕ ਤਰ੍ਹਾਂ ਤੋਂ ਮੌਤ ਨੂੰ ਸੱਦਾ ਦੇਣ ਵਾਂਗ ਸੀ।
ਸਿਟੀ ਹਾਲ ਦੇ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਪਾਲਿਸਤਾ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਹਨ ਜੋ ਉਨ੍ਹਾਂ ਲੋਕਾਂ ਦੇ ਘਰ ਹਨ ਜਿਨ੍ਹਾਂ ਕੋਲ ਆਪਣੇ ਘਰ ਨਹੀਂ ਹਨ ਜਾਂ ਉਹ ਬੇਘਰ ਹਨ ਅਤੇ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ। ਅਧਿਕਾਰੀਆਂ ਨੇ ਇਹ ਮੁੱਦਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਹਾਲੀਆ ਫੇਰੀ ਦੌਰਾਨ ਵੀ ਉਠਾਇਆ ਸੀ। ਰਾਸ਼ਟਰਪਤੀ ਵੀ ਉੱਤਰ-ਪੂਰਬੀ ਰਾਜ ਤੋਂ ਆਉਂਦੇ ਹਨ।
ਇਹ ਵੀ ਪੜ੍ਹੋ : ਮੀਂਹ ਦਾ ਕਹਿਰ, ਚੰਡੀਗੜ੍ਹ-ਮਨਾਲੀ NH ਟੁੱਟਿਆ, ਬਿਆਸ ਦਰਿਆ ‘ਚ ਰੁੜੇ ATM ਬੂਥ-ਦੁਕਾਨਾਂ
ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਪਰਨੰਬੂਕੋ ‘ਚ ਇਹ ਦੂਜੀ ਘਟਨਾ ਹੈ। ਅਪ੍ਰੈਲ ਵਿੱਚ ਪਰਨਮਬੁਕੋ ਦੇ ਨੇੜੇ ਓਲਿੰਡਾ ਵਿੱਚ ਇੱਕ ਇਮਾਰਤ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ ਪੰਜ ਲੋਕ ਮਾਰੇ ਗਏ। ਇਮਾਰਤ ਦੇ ਡਿੱਗਣ ਤੋਂ ਪਹਿਲਾਂ ਸ਼ਹਿਰ ਵਿੱਚ ਭਾਰੀ ਮੀਂਹ ਪਿਆ ਸੀ। ਜਿਸ ਕਾਰਨ ਕਈ ਥਾਵਾਂ ‘ਤੇ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: