ਕਪੂਰਥਲਾ ਦੇ ਭੁਲੱਥ ਇਲਾਕੇ ‘ਚ ਪੈਂਦੇ ਪਿੰਡ ਪੰਡੋਰੀ ਅਰਾਈਆਂ ‘ਚ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਕੋਠੀ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਚਲਾ ਦਿੱਤਾ ਗਿਆ। ਕੁਝ ਹੀ ਦੇਰ ‘ਚ ਮਕਾਨ ਮਲਬੇ ‘ਚ ਤਬਦੀਲ ਹੋ ਗਿਆ। ਹਾਈਕੋਰਟ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਭਾਜਪਾ ਆਗੂ ਨੇ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਜਾਣਕਾਰੀ ਅਨੁਸਾਰ ਭਾਜਪਾ ਆਗੂ ਨੇ ਇਹ ਕੋਠੀ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ’ਤੇ ਬਣਾਈ ਸੀ। ਇਸ ਰਿਹਾਇਸ਼ੀ ਇਮਾਰਤ ਨੂੰ ਢਾਹੁਣ ਲਈ ਮਾਣਯੋਗ ਹਾਈਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਏਡੀਸੀ ਜਨਰਲ ਅਮਰਪ੍ਰੀਤ ਕੌਰ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਟੀਮ ਨੇ ਭਾਜਪਾ ਆਗੂ ਵੱਲੋਂ ਗਿੱਲ ਫਾਰਮ ਦੇ ਨਾਂ ’ਤੇ ਬਣੀ ਰਿਹਾਇਸ਼ੀ ਇਮਾਰਤ (ਕੋਠੀ) ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ।
ਇਸ ਦੌਰਾਨ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਆਪਣੇ ਸਾਥੀਆਂ ਸਮੇਤ ਇਸ ਕਾਰਵਾਈ ਦਾ ਵਿਰੋਧ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ‘ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ’ਤੇ ਬਣਾਈ ਗਈ ਇਸ ਰਿਹਾਇਸ਼ ਖ਼ਿਲਾਫ਼ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਜਿਸ ਤਹਿਤ ਹਾਈਕੋਰਟ ਨੇ ਇਸ ਇਮਾਰਤ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਹਨ। ਇਸ ਮੌਕੇ ਐਸ.ਡੀ.ਐਮ ਭੁਲੱਥ ਸੰਜੀਵ ਸ਼ਰਮਾ, ਥਾਣਾ ਸਦਰ ਭੁਲੱਥ ਦੇ ਇੰਸਪੈਕਟਰ ਗੌਰਵ ਧੀਰ ਅਤੇ ਪੁਲਿਸ ਪਾਰਟੀ ਹਾਜ਼ਰ ਸਨ।
ਇਹ ਵੀ ਪੜ੍ਹੋ : ਹਿੰਡਨ ਨਦੀ ‘ਚ ਹੜ੍ਹ ਦਾ ਕਹਿਰ, ਪਾਣੀ ‘ਚ ਡੁੱਬੀਆਂ 400 ਗੱਡੀਆਂ, ਪਈਆਂ ਭਾਜੜਾਂ
ਇਸ ਦੇ ਨਾਲ ਹੀ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਇਸ ਕਾਰਵਾਈ ‘ਤੇ ਭੜਾਸ ਕੱਢਦਿਆਂ ਕਿਹਾ ਕਿ ਹੁਣ ਸੁਖਪਾਲ ਖਹਿਰਾ ਨੂੰ ਠੰਡ ਪੈ ਗਈ ਹੋਵੇਗੀ। ਏਡੀਸੀ ਨੇ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਕੋਠੀ ਢਾਹ ਦਿੱਤੀ ਹੈ ਪਰ ਕਿਸੇ ਨੇ ਹੁਕਮਾਂ ਦੀ ਕਾਪੀ ਨਹੀਂ ਦਿਖਾਈ। ਉਹ ਜਿੰਨਾ ਧੱਕਾ ਕਰ ਸਕਦੇ ਸਨ ਕਰ ਲਿਐ। ਹੁਣ ਕੋਠੀ ਢਾਹ ਕੇ ਸਾਨੂੰ ਨੂੰ ਬੇਘਰ ਕਰ ਦਿੱਤਾ ਗਿਆ ਹੈ। ਕੋਈ ਫਰਕ ਨਹੀਂ ਪੈਂਦਾ, ਅਸੀਂ ਹੋਰ ਘਰ ਬਣਾ ਲਵਾਂਗੇ।
ਵੀਡੀਓ ਲਈ ਕਲਿੱਕ ਕਰੋ -: