ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਲੋਕ ਲੁਭਾਵਣੇ ਫ਼ੈਸਲੇ ਅਤੇ ਹੁਣ ਸੀ. ਐੱਮ. ਚੰਨੀ ਸਰਕਾਰ ਵੱਲੋਂ ਕੇਬਲ ਦੇ ਰੇਟ 100 ਰੁਪਏ ਫਿਕਸ ਕਰਨ ਦੇ ਐਲਾਨ ਨਾਲ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਕੇਬਲ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਪੁੱਛਿਆ ਹੈ ਕਿ ਸਰਕਾਰ ਦੱਸੇ 100 ਰੁਪਏ ਵਿੱਚ ਕੇਬਲ ਕਿੱਦਾਂ ਚੱਲਣੀ ਹੈ।
ਪੰਜਾਬ ਕੇਬਲ ਆਪ੍ਰੇਟਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਨੀ ਗਿੱਲ ਨੇ ਕਿਹਾ ਕਿ 100 ਰੁਪਏ ਵਿੱਚ ਲੋਕਾਂ ਨੂੰ ਕੇਬਲ ਚੈਨਲ ਮੁਹੱਈਆ ਕਰਵਾਉਣਾ ਕਿਸੇ ਵੀ ਤਰ੍ਹਾਂ ਮੁਮਕਿਨ ਨਹੀਂ ਹੈ। ਕੇਬਲ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੇਕਰ ਕੇਬਲ ਮਾਫੀਆ ਖਤਮ ਕਰਨਾ ਹੈ ਤਾਂ ਇਸ ਦੀ ਜਾਂਚ ਕਰਵਾਏ, ਇਸ ਦਾ ਬੋਝ ਸਾਰੇ ਕੇਬਲ ਆਪ੍ਰੇਟਰਾਂ ‘ਤੇ ਕਿਉਂ ਪਾਇਆ ਜਾ ਰਿਹਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਪਹਿਲਾਂ ਕੇਬਲ ਦੇ ਰੇਟ ਫਿਕਸ ਕੀਤੇ ਹੋਏ ਹਨ। ਡੀਟੀਐੱਚ ਵਿੱਚ ਜਿਹੜੇ ਪ੍ਰੋਗਰਾਮ 500 ਰੁਪਏ ਵਿੱਚ ਦਿੱਤੇ ਜਾ ਰਹੇ ਹਨ, ਕੇਬਲ ਆਪ੍ਰੇਟਰ ਉਹ ਸਾਰੇ ਚੈਨਲ 360 ਵਿੱਚ ਮੁਹੱਈਆ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ 100 ਰੁਪਏ ਵਿੱਚ 1990 ਵਿੱਚ ਕੇਬਲ ਸ਼ੁਰੂ ਕੀਤੀ ਸੀ, 31 ਸਾਲਾਂ ਬਾਅਦ 360 ਰੁਪਏ ਹੋਏ ਹਨ, ਜੇ ਸਰਕਾਰ ਕੇਬਲ ਦੇ ਰੇਟ 100 ਰੁਪਏ ਕਰਦੀ ਹੈ ਤਾਂ ਆਮ ਜ਼ਰੂਰੀ ਚੀਜ਼ਾਂ ਆਟੇ-ਦਾਲਾਂ ਦੇ ਰੇਟ ਵੀ 1990 ਵਾਲੇ ਕਰੇ। ਸੀ. ਐੱਮ. ਚੰਨੀ ਦੇ ਐਲਾਨ ਨਾਲ ਕੇਬਲ ਆਪ੍ਰੇਟਰ ਨੂੰ ਤਾਂ ਕੁਝ ਨਹੀਂ ਬਚੇਗਾ ਪਰ ਡੀਟੀਐੱਚ ਨੂੰ ਮੋਟਾ ਮੁਨਾਫਾ ਹੋਵੇਗਾ। ਕੇਬਲ ਇੰਡਸਟਰੀ ਵਿੱਚ 30 ਤੋਂ 35 ਹਜ਼ਾਰ ਪਰਿਵਾਰ ਹਨ, ਜਿਨ੍ਹਾਂ ਦਾ ਰੁਜ਼ਗਾਰ ਖਤਮ ਹੋਣ ਕੰਢੇ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਸੰਨੀ ਗਿੱਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੇਬਲ ਸਸਤੀ ਕਰਨਾ ਹੀ ਚਾਹੁੰਦੇ ਹਨ ਤਾਂ ਉਹ ਬ੍ਰੋਡਕਾਸਟਰ ਤੋਂ ਕੇਬਲ ਆਪ੍ਰੇਟਰਨਾਂ ਨੂੰ ਜੀਐੱਸਟੀ ਵਿੱਚ ਰਾਹਤ ਦਿਵਾ ਦੇਣ। ਇਸ ਵੇਲੇ ਕੇਬਲ ‘ਤੇ 18 ਫੀਸਦੀ ਜੀਐੱਸਟੀ ਦਿੱਤੀ ਜਾ ਰਹੀ ਹੈ, ਜੇ ਉਹ ਅਜਿਹਾ ਕਰਦੇ ਹਨ ਤਾਂ ਕੇਬਲ ਆਪੇ ਹੀ ਸਸਤੀ ਹੋ ਜਾਵੇਗੀ। ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਤਾਂ ਕਰਨ, ਤਾਂਜੋ ਅਸੀਂ ਉਨ੍ਹਾਂ ਅੱਗੇ ਸੁਝਾਅ ਰੱਖੀਏ ਕਿ ਕਿਸ ਤਰ੍ਹਾਂ ਕੇਬਲ ਦੇ ਰੇਟ ਸਸਤੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਬਲ ਆਪਰੇਟਰ ਨੂੰ ਅਖੀਰ ਕੀ ਮਿਲਿਆ, ਸਿਰਫ਼ ਮਾਫ਼ੀਆ ਸ਼ਬਦ। ਅੱਜ ਅਸੀਂ ਜੋ ਲੈ ਰਹੇ ਹਾਂ, ਉਸ ਵਿੱਚ ਕਿੰਨਾ ਪੈਸਾ ਟੈਕਸ ਵਿੱਚ ਜਾਂਦਾ ਹੈ। CM ਚੰਨੀ 100 ਰੁਪਏ ‘ਚ ਕੇਬਲ ਦੇਣ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਲੋਕਾਂ ਨੂੰ ਕਿਵੇਂ ਇਹ ਸਹੂਲਤ ਦੇਈਏ।