ਦੋ ਸਾਲ ਪਹਿਲਾਂ ਕੈਨੇਡਾ ਵਿਚ ਭਾਰਤੀ ਸਿੱਖ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਇਕ ਕੈਨੇਡੀਅਨ ਵਿਅਕਤੀ ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਸਤੰਬਰ 2021 ਵਿਚ ਨੋਵਾ ਸਕੋਟੀਆ ਸੂਬੇ ਦੇ ਟਰੂਰੋ ਸ਼ਹਿਰ ਵਿਚ ਇਕ ਅਪਾਰਟਮੈਂਟ ਇਮਾਰਤ ਦੇ ਬਾਹਰ 21 ਸਾਲਾ ਕੈਮਰਨ ਜੇਮਸ ਪ੍ਰਾਸਪਰ ਨੇ ਪ੍ਰਭਜੋਤ ਸਿੰਘ ਕਟਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸੇ ਮਾਮਲੇ ਵਿਚ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ ਹੈ।
ਭਾਰਤੀ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਨੋਵਾ ਸਕੋਟੀਆ ਜੱਜ ਨੇ ਆਪਣਾ ਫੈਸਲਾ ਸੁਣਾਇਆ। ਜੱਜ ਨੇ ਮਾਮਲੇ ਵਿਚ ਦੋਸ਼ੀ ਕੈਮਰੇ ਜੇਮਸ ਪ੍ਰਾਸਪਰ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਪ੍ਰਾਸਪਰ ‘ਤੇ ਸ਼ੁਰੂ ਵਿਚ ਗੰਭੀਰ ਕਤਲ ਦਾ ਦੋਸ਼ ਲਗਾਇਆ ਗਿਆ ਸੀ, ਹਾਲਾਂਕਿ 19 ਦਸੰਬਰ 2022 ਨੂੰ ਅਦਾਲਤ ਵਿਚ ਪੇਸ਼ ਹੋਣ ਦੌਰਾਨ ਦੋਸ਼ਾਂ ਨੂੰ ਘੱਟ ਕੀਤਾ ਗਿਆ ਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਆਪਣੇ ਫੈਸਲੇ ਵਿਚ ਜਸਟਿਸ ਜੇਫਰੀ ਹੰਟ ਨੇ ਕਿਹਾ ਕਿ ਸਿੱਖ ਨੌਜਵਾਨ ‘ਤੇ ਹਮਲਾ ਬਿਨਾਂ ਕਿਸੇ ਕਾਰਨ ਦੇ ਕੀਤਾ ਗਿਆ ਸੀ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਨੇ ਜਾਨ ਲੈਣ ਦੇ ਇਰਾਦੇ ਨਾਲ ਅਜਿਹਾ ਨਹੀਂ ਕੀਤਾ ਸੀ।
ਜਸਟਿਸ ਹੰਟ ਨੇ ਕਿਹਾ ਕਿ ਮਾਮਲੇ ਵਿਚ ਪ੍ਰਾਸਪਰ ਦੀ ਪਟੀਸ਼ਨ ਤੇ ਘਟਨਾ ਨੂੰ ਲੈ ਕੇ ਪਛਤਾਵੇ ਨੂੰ ਦੇਖਦੇ ਹੋਏ ਉਸ ਨੂੰ 9 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ ਨਹੀਂ ਤਾਂ ਕੈਨੇਡਾ ਵਿਚ ਹੱਤਿਆ ਲਈ ਉਮਰ ਕੈਦ ਦੀ ਵਿਵਸਥਾ ਹੈ। ਮੁਲਜ਼ਮ ਪ੍ਰਾਸਪਰ ਨੇ ਆਪਣੇ ਕੀਤੇ ਗਏ ਪਛਤਾਵੇ ‘ਤੇ ਮ੍ਰਿਤਕ ਪ੍ਰਭਜੋਤ ਦੇ ਪਰਿਵਾਰ ਵਾਲਿਆਂ ਤੋਂ ਮਾਫੀ ਮੰਗੀ ਹੈ। ਉਸ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਮੈਨੂੰ ਇਸ ਲਈ ਅਫਸੋਸ ਹੈ। ਜੇਕਰ ਮੈਂ ਉਸ ਸਮੇਂ ‘ਤੇ ਵਾਪਸ ਜਾ ਸਕਦਾ ਤਾਂ ਮੈਂ ਇਸ ਨੂੰ ਬਦਲ ਦਿੰਦਾ।
ਦੂਜੇ ਪਾਸੇ ਮ੍ਰਿਤਕ ਪ੍ਰਭਜੋਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮ ਨੂੰ 9 ਸਾਲ ਦੀ ਕੈਦ ਦੀ ਸਜ਼ਾ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮ੍ਰਿਤਕ ਦੀ ਭੈਣ ਰਾਜਵੀਰ ਕੌਰ ਨੇ ਕਿਹਾ ਕਿ 9 ਸਾਲ ਦੀ ਸਜ਼ਾ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹੋਰ ਜ਼ਿਆਦਾ ਦੇ ਹੱਕਦਾਰ ਹਾਂ। ਜੇਕਰ ਕਿਸੇ ਦੀ ਜਾਨ ਚਲੀ ਗਈ ਹੋਵੇ ਤਾਂ 9 ਸਾਲ ਦੀ ਤੁਲਨਾ ਉਸ ਨਾਲ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਮੁਕਤਸਰ : 3 ਨਕਾਬਪੋਸ਼ਾਂ ਨੇ ਬੰਦੂਕ ਦੀ ਨੋਕ ‘ਤੇ ਦੁਕਾਨਦਾਰ ਤੋਂ ਲੁੱਟੇ 1.5 ਲੱਖ, ਜਾਂਚ ਵਿਚ ਜੁਟੀ ਪੁਲਿਸ
ਦੱਸ ਦੇਈਏ ਕਿ ਪ੍ਰਭਜੋਤ ਸਿੰਘ 2017 ਵਿਚ ਭਾਰਤ ਤੋਂ ਕੈਨੇਡਾ ਵਿਚ ਪੜ੍ਹਾਈ ਲਈ ਗਿਆ ਸੀ। ਜਦੋਂ ਉਸ ਦੀ ਮੌਤ ਹੋਈ ਉਦੋਂ ਉਹ 23 ਸਾਲ ਦਾ ਸੀ। 5 ਸਤੰਬਰ 2021 ਨੂੰ ਜਦੋਂ ਪ੍ਰਭਜੋਤ ਆਪਣੇ ਇਕ ਦੋਸਤ ਦੇ ਘਰ ਤੋਂ ਨਿਕਲ ਰਿਹਾ ਸੀਤਾਂ ਪ੍ਰਾਸਪਰ ਨੇ ਉਸ ਦੀ ਗਰਦਨ ਵਿਚ ਚਾਕੂ ਮਾਰ ਦਿੱਤਾ। ਇਸ ਦੇ ਬਾਅਦ ਪ੍ਰਭਜੋਤ ਵਾਪਸ ਆਪਣੇ ਦੋਸਤ ਦੇ ਅਪਾਰਟਮੈਂਟ ਵਿਚ ਵਾਪਸ ਚਲਾ ਗਿਆ ਜਿਥੇ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਪਹੁੰਚਣ ਦੇ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: