ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਤੇ ਸਾਬਕਾ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੀ ਲਿਸਟ ਸੌਂਪਣਗੇ। ਖਾਸ ਤੌਰ ‘ਤੇ ਜੋ ਪਿਛਲੀ ਸਰਕਾਰ ਵਿਚ ਗੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਰਹੇ। ਇਨ੍ਹਾਂ ਵਿਚ 6 ਮੰਤਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ।
ਇਸ ਤੋਂ ਇਲਾਵਾ ਸ਼ਰਾਬ ਦੇ L1 ਦਾ ਕਾਂਟ੍ਰੈਕਟ ਲੈਣ ਵਾਲਿਆਂ ਨੂੰ ਵੀ ਕੈਪਟਨ ਬੇਨਕਾਬ ਕਰ ਸਕਦੇ ਹਨ। ਕੈਪਟਨ ਦੇ ਇਸ ਦਾਅ ਨਾਲ ਕੁਝ ਕਾਂਗਰਸੀਆਂ ਵਿਚ ਖਲਬਲੀ ਮਚ ਗਈ ਹੈ। ਉਨ੍ਹਾਂ ਨੂੰ ਡਰ ਹੈ ਕਿ ਕੈਪਟਨ ਉਨ੍ਹਾਂ ਦਾ ਨਾਂ ਨਾ ਦੇ ਦੇਣ। ਇਹ ਡਰ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਪਿਛੇ ਜਿਹੇ ਹੀ ਮੁੱਖ ਮੰਤਰੀ ਮਾਨ ਨੇ ਆਪਣੇ ਮੰਤਰੀ ਮੰਡਲ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਬਰਖਾਸਤ ਕਰਵਾ ਕੇ ਗ੍ਰਿਫਤਾਰ ਕਰਵਾ ਦਿੱਤਾ ਜੋ ਕਿ ਹੁਣ ਰੋਪੜ ਜੇਲ੍ਹ ਵਿਚ ਬੰਦ ਹਨ।
ਇਹ ਵੀ ਪੜ੍ਹੋ : ਮੰਤਰੀ ਹਰਜੋਤ ਸਿੰਘ ਬੈਂਸ ਦਾ ਦਾਅਵਾ-‘ਪੰਜਾਬ ਵਿਚੋਂ ਖਤਮ ਹੋਈ ਗੈਰ-ਕਾਨੂੰਨੀ ਮਾਈਨਿੰਗ’
ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਂਵਾਲ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕੈਪਟਨ ਸਾਂਸਦ ਪਤਨੀ ਪ੍ਰਨੀਤ ਕੌਰ ਨਾਲ ਸੀਐੱਮ ਨੂੰ ਮਿਲਣਗੇ। ਪਟਿਆਲਾ ਵਿਚ ਕੁਝ ਡਿਵੈਲਪਮੈਂਟ ਦੇ ਫੰਡ ਰੋਕੇ ਗਏ ਹਨ, ਉਸ ਬਾਰੇ ਵੀ ਦੱਸਣਗੇ। ਨਾਲ ਹੀ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੇ ਨਾਂ ਵੀ ਦੱਸਣਗੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਨਾਂ ਹਾਈਕਮਾਂਡ ਨੂੰ ਵੀ ਦਿੱਤੇ ਸਨ ਪਰ ਉੁਨ੍ਹਾਂ ਨੇ ਭ੍ਰਿਸ਼ਟਾਂ ‘ਤੇ ਕਾਰਵਾਈ ਕਰਨ ਦੀ ਬਜਾਏ ਕੈਪਟਨ ਨੂੰ ਹਟਾ ਦਿੱਤਾ। ਕੈਪਟਨ ਉੁਨ੍ਹਾਂ ਨੂੰ ਕੈਬਨਿਟ ਤੋਂ ਹਟਾਉਣਾ ਚਾਹੁੰਦੇ ਸਨ।
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਨੇ ਹੁਣੇ ਜਿਹੇ ਕਿਹਾ ਸੀ ਕਿ ਉਨ੍ਹਾਂ ਕੋਲ ਗੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੀ ਸੂਚੀ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮੰਗਣਗੇ ਤਾਂ ਉਹ ਜ਼ਰੂਰ ਪੂਰੀ ਲਿਸਟ ਸੌਂਪ ਦੇਣਗੇ। ਕੈਪਟਨ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਸੀ ਜਦੋਂ ਸਾਬਕਾ ਕਾਂਗਰਸੀ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਭ੍ਰਿਸ਼ਟ ਮੰਤਰੀਆਂ ਦੇ ਨਾਂ ਦੱਸਣ ਨੂੰ ਕਿਹਾ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਵੀ ਕੈਪਟਨ ਨੂੰ ਕਿਹਾ ਸੀ ਕਿ ਉਹ ਨਾਂ ਦੱਸਣ ਜਾਂ ਫਿਰ ਕਾਂਗਰਸ ਨੂੰ ਬਦਨਾਮ ਨਾ ਕਰਨ।
ਵੀਡੀਓ ਲਈ ਕਲਿੱਕ ਕਰੋ -: