ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ‘ਤੇ ਉਨ੍ਹਾਂ ਦੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੁਰਾਣੀ ਪਾਰਟੀ ਨੂੰ ‘ਸਿਰਫ ਪੈਦਲ ਚੱਲਣ’ ਨਾਲ ਜਨਤਾ ਦਾ ਸਮਰਥਨ ਨਹੀਂ ਮਿਲੇਗਾ। ਰਾਹੁਲ ਗਾਂਧੀ ਨੇ ਇਸ ਯਾਤਰਾ ਦੀ ਸ਼ੁਰੂਆਤ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਕੀਤੀ ਸੀ, ਜੋ 8 ਰਾਜਾਂ- ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਹੁਣ ਰਾਜਸਥਾਨ ਤੋਂ ਲੰਘ ਰਹੀ ਹੈ।
ਹੁਣ ਤੱਕ 2800 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਦੌਰਾਨ ਰਾਹੁਲ ਗਾਂਧੀ ਆਪਣੇ ਸਮਰਥਕਾਂ ਦੇ ਨਾਲ-ਨਾਲ ਆਲੋਚਕਾਂ ਦਾ ਵੀ ਧਿਆਨ ਖਿੱਚਣ ‘ਚ ਕਾਮਯਾਬ ਰਹੇ ਹਨ। ਇਸ ਦੌਰਾਨ ਕਈ ਵਿਵਾਦ ਵੀ ਹੋਏ ਅਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਵੀ ਹੋਈ। ਹੁਣ ਇਹ ਭਾਰਤ ਜੋੜੋ ਯਾਤਰਾ 24 ਦਸੰਬਰ ਨੂੰ ਦਿੱਲੀ ਵਿੱਚ ਪ੍ਰਵੇਸ਼ ਕਰੇਗੀ ਅਤੇ ਫਿਰ ਕਰੀਬ ਅੱਠ ਦਿਨਾਂ ਦੇ ਵਿਰਾਮ ਤੋਂ ਬਾਅਦ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਤੋਂ ਹੁੰਦੀ ਹੋਈ ਅੰਤ ਵਿੱਚ ਜੰਮੂ-ਕਸ਼ਮੀਰ ਵੱਲ ਰਵਾਨਾ ਹੋਵੇਗੀ।
ਕੁਝ ਮਹੀਨੇ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਨਿਊਜ਼ ਚੈਨਲ ਦੇ ਕਨਕਲੇਵ ਵਿੱਚ ਰਾਹੁਲ ਗਾਂਧੀ ਦੀ ਫੇਰੀ ਬਾਰੇ ਕਿਹਾ, ‘ਕਿਸ ਨੂੰ ਜੋੜ ਰਹੇ ਨੇ? ਤੇ ਕਿਵੇਂ ਮੈਨੂੰ ਸਮਝ ਨਹੀਂ ਆ ਰਿਹਾ। ਕੰਨਿਆਕੁਮਾਰੀ ਤੋਂ ਸ਼੍ਰੀਨਗਰ ਤੱਕ ਪੈਦਲ ਚੱਲ ਕੇ ਲੋਕਾਂ ਨੂੰ ਇਕਜੁੱਟ ਨਹੀਂ ਕਰ ਸਕਦੇ। ਲੋਕ ਵਿਚਾਰਾਂ, ਨੀਤੀਆਂ ਦਾ ਸਮਰਥਨ ਕਰਦੇ ਹਨ। ਤੁਹਾਨੂੰ ਦੱਸਣਾ ਪਵੇਗਾ ਕਿ ਤੁਸੀਂ ਭਾਰਤ ਲਈ, ਇਸ ਦੇ ਲੋਕਾਂ ਲਈ ਕੀ ਕਰੋਗੇ। ਸਿਰਫ਼ ਪੈਦਲ ਯਾਤਰਾ ਕਰਨ ਨਾਲ ਤੁਹਾਨੂੰ ਲੋਕਾਂ ਦਾ ਸਮਰਥਨ ਨਹੀਂ ਮਿਲੇਗਾ।
ਸਾਬਕਾ ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਪਾਰਟੀ ਵਿੱਚ ਗੜਬੜ ਸੀ ਤਾਂ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਯਾਤਰਾ ਵਰਗਾ ਹੀ ਇੱਕ ਵਿਚਾਰ ਦਿੱਤਾ ਸੀ। ਉਨ੍ਹਾਂ ਕਿਹਾ, ‘ਉਨ੍ਹਾਂ ਨੂੰ (ਰਾਹੁਲ ਗਾਂਧੀ) ਭਾਰਤ ਵੇਖਣ ਨੂੰ ਮਿਲੇਗਾ। ਮੈਨੂੰ ਯਾਦ ਹੈ, ਜਦੋਂ ਸਾਡੀ ਪਾਰਟੀ (ਕਾਂਗਰਸ) ਵਿਚ ਹੰਗਾਮਾ ਹੋਇਆ ਸੀ, ਮੈਂ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਭਾਰਤ ਦੇਖਣਾ ਚਾਹੀਦਾ ਹੈ। ਖੈਰ, ਹੁਣ ਉਹ ਮੇਰੇ ਨਾਲ ਸਹਿਮਤ ਹਨ ਤੇ ਉਹ ਭਾਰਤ ਨੂੰ ਵੇਖ ਰਹੇ ਹਨ।
ਇਹ ਵੀ ਪੜ੍ਹੋ : ਜਗਨਨਾਥ ਮੰਦਰ ‘ਚ ਅਨੋਖਾ ਚੜਾਵਾ, ਮੰਗਤੀ ਨੇ ਦਾਨ ਕੀਤੇ 1 ਲੱਖ ਰੁਪਏ
ਅਮਰਿੰਦਰ ਸਿੰਘ (80) ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।
ਭਾਜਪਾ ਵਿੱਚ ਉਨ੍ਹਾਂ ਦੇ ਭਵਿੱਖ ਬਾਰੇ ਪੁੱਛੇ ਜਾਣ ‘ਤੇ, ਕੈਪਟਨ ਅਮਰਿੰਦਰ ਨੇ ਕਿਹਾ, “ਇਹ ਸਿਰਫ ਉਮਰ ਦੀ ਗੱਲ ਨਹੀਂ ਹੈ। ਸਿਹਤ ਵੀ ਜ਼ਰੂਰੀ ਹੈ। ਕੁਝ ਲੋਕ 40 ਸਾਲ ਦੀ ਉਮਰ ਵਿੱਚ ਵੀ ਬੁੱਢੇ ਹੋ ਜਾਂਦੇ ਹਨ, ਜਦਕਿ ਕਈ ਬੁਢਾਪੇ ਵਿੱਚ ਵੀ ਤੰਦਰੁਸਤ ਰਹਿੰਦੇ ਹਨ। ਮੈਂ ਕਹਿ ਸਕਦਾ ਹਾਂ ਕਿ ਮੇਰੇ ਕੋਲ ਅਜੇ 5-6 ਸਾਲ (ਰਾਜਸੀ ਭਵਿੱਖ ਦੇ) ਹਨ। ਮੈਂ ਹਾਲ ਹੀ ਵਿਚ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੂੰ ਮਿਲਿਆ ਅਤੇ ਉਨ੍ਹਾਂ ਨੂੰ ਕਿਹਾ: ‘ਮੇਰੇ ਕੋਲ ਅਜੇ ਵੀ ਬਹੁਤ ਊਰਜਾ ਹੈ, ਅਤੇ ਮੈਨੂੰ ਪੰਜਾਬ ਵਿਚ ਜਾਂ ਰਾਸ਼ਟਰੀ ਪੱਧਰ ‘ਤੇ ਕੋਈ ਜ਼ਿੰਮੇਵਾਰੀ ਦਿਓ, ਭਾਵੇਂ ਉਹ ਪਾਰਟੀ ਵਿਚ ਹੋਵੇ ਜਾਂ ਹੋਰ ਕਿਤੇ’। ਮੈਂ ਇਸ ਨੂੰ ਪ੍ਰਧਾਨ ਮੰਤਰੀ ‘ਤੇ ਛੱਡ ਦਿੱਤਾ ਹੈ। ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦੇ ਬਹੁਤ ਸਾਰੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮੈਂ ਕਿਤੇ ਵੀ ਕਿਸੇ ਵੀ ਡਿਊਟੀ ਲਈ ਤਿਆਰ ਹਾਂ।
ਵੀਡੀਓ ਲਈ ਕਲਿੱਕ ਕਰੋ -: