ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਵੀਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕੀਤਾ ਗਿਆ ਅਤੇ ਇਸ ਤੋਂ ਬਾਅਦ ਸਿਨੇਮਾਘਰਾਂ ‘ਚ ਵੀ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਪੰਜਾਬੀ ਫਿਲਮਾਂ ਦੇ ਕੁਲੈਕਸ਼ਨ ਦੇ ਪੁਰਾਣੇ ਰਿਕਾਰਡ ਤੋੜ ਦੇਵੇਗੀ। ਇਕ ਪਾਸੇ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਕੁਝ ਹਿੰਦੂ ਸੰਗਠਨਾਂ ਨੇ ਇਸ ਦੇ ਕੁਝ ਦ੍ਰਿਸ਼ਾਂ ‘ਤੇ ਇਤਰਾਜ਼ ਜਤਾਇਆ ਹੈ। ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਫਿਲਮ ਦੇ ਨਿਰਦੇਸ਼ਕ ਅਤੇ ਕਾਸਟ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਵ ਸੈਨਾ ਹਿੰਦ ਯੁਵਾ ਕਮੇਟੀ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਅਤੇ ਪੰਜਾਬ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਨੀਲ ਕੁਮਾਰ ਬੰਟੀ ਨੇ ਫ਼ਿਲਮ ਦੇ ਨਿਰਦੇਸ਼ਕ ਅਤੇ ਕਲਾਕਾਰਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਹੈ। ਸੁਨੀਲ ਕੁਮਾਰ ਬੰਟੀ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, ‘ਅਸੀਂ ਸ਼ਿਵ ਸੈਨਾ ਹਿੰਦ ਦੀ ਤਰਫ਼ੋਂ ਸ਼ਿਕਾਇਤ ਦਰਜ ਕਰਵਾਈ ਹੈ। ਫਿਲਮ ਕੈਰੀ ਆਨ ਜੱਟਾ-3 ਹਿੰਦੂਆਂ ‘ਤੇ ਕੇਂਦਰਿਤ ਹੈ। ਫਿਲਮ ਦੇ ਇੱਕ ਸੀਨ ਵਿੱਚ ਇੱਕ ਬ੍ਰਾਹਮਣ ਨੂੰ ਅਪਮਾਨਿਤ ਕੀਤਾ ਗਿਆ ਹੈ ਜੋ ਹਵਨ ਦੀ ਰਸਮ ਕਰਦਾ ਨਜ਼ਰ ਆਉਂਦਾ ਹੈ। ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਹਵਨ ਕੁੰਡ ‘ਤੇ ਪਾਣੀ ਸੁੱਟ ਕੇ ਲੱਖਾਂ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਹਿੰਦੂ ਧਰਮ ਵਿੱਚ ਜੇ ਕੋਈ ਵੀ ਰਸਮ ਕਰਨੀ ਹੋਵੇ ਤਾਂ ਪਹਿਲਾਂ ਹਵਨ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ‘ਅੱਜ ਅਸੀਂ ਉਨ੍ਹਾਂ ਸਾਰਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਮੰਗ ਕਰਦੇ ਹਾਂ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਨ੍ਹਾਂ ‘ਤੇ ਧਾਰਾ 295 ਲਗਾਈ ਜਾਵੇ। ਜੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਲਈ ਧਾਰਾ 153 ਲਗਾਈ ਜਾਵੇ।
ਸੁਨੀਲ ਕੁਮਾਰ ਬੰਟੀ ਨੇ ਕਿਹਾ, ‘ਇਹ ਲੋਕ ਹਿੰਦੂ ਧਰਮ ਨੂੰ ਨਿਸ਼ਾਨਾ ਬਣਾ ਕੇ ਆਪਣੀ ਟੀਆਰਪੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਅਜਿਹਾ ਕਿਸੇ ਹੋਰ ਜਾਤੀ ਨਾਲ ਹੋਇਆ ਹੁੰਦਾ ਤਾਂ ਉਹ ਥੀਏਟਰ ਦੀ ਭੰਨਤੋੜ ਕਰ ਦਿੰਦੇ ਜਾਂ ਅੱਗ ਲਾ ਦਿੰਦੇ। ਹਿੰਦੂ ਧਰਮ ਇੱਕ ਕੋਮਲ ਧਰਮ ਹੈ। ਅਸੀਂ ਪਹਿਲਾਂ ਸਰਕਾਰ ਕੋਲ ਗਏ। ਜੇ 24 ਘੰਟਿਆਂ ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਜਲੰਧਰ ਵਿੱਚ ਡਾਇਰੈਕਟਰ ਸਮੀਪ ਕੰਗ ਅਤੇ ਗੁਰਪ੍ਰੀਤ ਘੁੱਗੀ ਦੇ ਘਰ ਦੇ ਬਾਹਰ ਧਰਨਾ ਦੇਣਗੇ।
ਇਹ ਵੀ ਪੜ੍ਹੋ : ਮੇਅਰ ਨੇ ਕੀਤਾ ਮਗਰਮੱਛ ਨਾਲ ਵਿਆਹ, ਲਾੜੀ ਵਾਂਗ ਸਜਾਇਆ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਸ਼ਿਵ ਸੈਨਾ ਹਿੰਦ ਦੀ ਯੁਵਾ ਕਮੇਟੀ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਕਿਹਾ ਕਿ ”ਲੋਕਾਂ ਨੇ ਸਾਨੂੰ ਕਲਿੱਪ ਭੇਜੀ ਜਿਸ ਤੋਂ ਬਾਅਦ ਅਸੀਂ ਪੂਰੀ ਫਿਲਮ ਦੇਖੀ। ਇਸ ਨਾਲ ਸਾਨੂੰ ਦੁੱਖ ਹੋਇਆ ਹੈ, ਇਸ ਲਈ ਅਸੀਂ ਇੱਥੇ ਸ਼ਿਕਾਇਤ ਕਰਨ ਆਏ ਹਾਂ।
ਵੀਡੀਓ ਲਈ ਕਲਿੱਕ ਕਰੋ -: