ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਤੋਂ ਬਚ ਗਏ ਹਨ। ਪਰ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸੜਕ ਤੋਂ ਲੈ ਕੇ ਇਮਰਾਨ ਖਾਨ ਦੇ ਘਰ ਤੱਕ ਭੰਨਤੋੜ ਅਤੇ ਸੁਰੱਖਿਆ ਬਲਾਂ ਨਾਲ ਹਿੰਸਕ ਝੜਪਾਂ ਕਾਰਨ ਪਾਕਿਸਤਾਨੀ ਪੁਲਿਸ ਨੇ ਐਤਵਾਰ ਨੂੰ ਇਮਰਾਨ ਖਾਨ ਅਤੇ ਪੀਟੀਆਈ ਦੇ ਦਰਜਨ ਤੋਂ ਵੱਧ ਨੇਤਾਵਾਂ ‘ਤੇ ਭੰਨ-ਤੋੜ, ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕਰਨ ਤੇ ਨਿਆਇਕ ਕੰਪਲੈਕਸ ਦੇ ਬਾਹਰ ਅਸ਼ਾਂਤੀ ਪੈਦਾ ਕਰਨ ਦੇ ਦੋਸ਼ ਵਿੱਚ ਅੱਤਵਾਦ ਦਾ ਮਾਮਲਾ ਦਰਜ ਕੀਤਾ ਹੈ। ਪਾਕਿਸਤਾਨੀ ਸਰਕਾਰ ਦੇ ਐਕਸ਼ ਤੋਂ ਇਹ ਸਾਫ ਹੈ ਕਿ ਇਮਰਾਨ ਕਾਨ ਨੂੰ ਬਖਸ਼ਣ ਵਾਲੀ ਨਹੀਂ ਹੈ।
ਦਰਅਸਲ ਸ਼ਨੀਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਵਰਕਰਾਂ ਅਤੇ ਪੁਲਸ ਵਿਚਾਲੇ ਹੋਈ ਹਿੰਸਕ ਝੜਪ ‘ਚ 25 ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸਨ। ਇਸ ਦੌਰਾਨ ਪੁਲਿਸ ਨੇ ਕਈ ਵਰਕਰਾਂ ਤੇ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੇ ਨਾਲ ਹੀ ਕਈ ਭਗੌੜੇ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਪਾਕਿਸਤਾਨੀ ਨਿਊਜ਼ ਚੈਨਲ ਮੁਤਾਬਕ ਇਸਲਾਮਾਬਾਦ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਪੀਟੀਆਈ ਦੇ 17 ਆਗੂਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ।
FIR ਵਿੱਚ ਕਿਹਾ ਗਿਆ ਹੈ ਕਿ ਕਾਰਕੁੰਨਾਂ ਨੇ ਪੁਲਿਸ ਚੌਕੀ ਅਤੇ ਕੋਰਟ ਕੰਪਲੈਕਸ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਨਿਆਂਇਕ ਕੰਪਲੈਕਸ ਦੀ ਇਮਾਰਤ ਨੂੰ ਅੱਗ ਲਾਉਣ, ਪਥਰਾਅ ਕਰਨ ਅਤੇ ਢਾਹੁਣ ਦੇ ਦੋਸ਼ ਹੇਠ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਫਆਈਆਰ ਮੁਤਾਬਕ “ਲਗਭਗ ਦੋ ਪੁਲਿਸ ਦੀਆਂ ਗੱਡੀਆਂ ਤੇ ਸੱਤ ਮੋਟਰਸਾਈਕਲਾਂ ਨੂੰ ਸਾੜ ਦਿੱਤਾ ਗਿਆ ਅਤੇ ਐਸਐਚਓ ਦੀ ਸਰਕਾਰੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ”।
ਦੱਸ ਦੇਈਏ ਕਿ ਸ਼ਨੀਵਾਰ ਨੂੰ 70 ਸਾਲਾਂ ਇਮਰਾਨ ਖਾਨ ਅਦਾਲਤ ‘ਚ ਪੇਸ਼ ਹੋਣ ਲਈ ਲਾਹੌਰ ਤੋਂ ਇਸਲਾਮਾਬਾਦ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦਾ ਕਾਫਲਾ ਵੀ ਉਨ੍ਹਾਂ ਦੇ ਨਾਲ ਸੀ। ਜਿਵੇਂ ਹੀ ਇਮਰਾਨ ਸੁਣਵਾਈ ‘ਤੇ ਪਹੁੰਚੇ, 10,000 ਤੋਂ ਵੱਧ ਹਥਿਆਰਬੰਦ ਪੰਜਾਬ ਪੁਲਿਸ ਦੇ ਜਵਾਨਾਂ ਨੇ ਲਾਹੌਰ ਵਿੱਚ ਇਮਰਾਨ ਦੀ ਜ਼ਮਾ ਪਾਰਕ ਰਿਹਾਇਸ਼ ‘ਤੇ ਧਾਵਾ ਬੋਲ ਦਿੱਤਾ ਅਤੇ ਉਨ੍ਹਾਂ ਦੀ ਪਾਰਟੀ ਦੇ ਦਰਜਨਾਂ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਇੱਥੇ ਇਮਰਾਨ ਦੇ ਘਰ ਦੇ ਬਾਹਰ ਵਰਕਰਾਂ ਵੱਲੋਂ ਲਗਾਏ ਗਏ ਬੈਰੀਕੇਡਾਂ ਨੂੰ ਪੁਲਿਸ ਨੇ ਹਟਾ ਦਿੱਤਾ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੂੰ ਭਜਾ ਦਿੱਤਾ। ਪੁਲਿਸ ਨੇ ਘਰ ਦੇ ਮੇਨ ਗੇਟ ਅਤੇ ਕੰਧਾਂ ਦੇ ਤਾਲੇ ਤੋੜ ਕੇ ਘਰ ਦੀ ਤਲਾਸ਼ੀ ਲਈ, ਜਿਸ ਦਾ ਪੀਟੀਆਈ ਵਰਕਰਾਂ ਨੇ ਵਿਰੋਧ ਕੀਤਾ ਅਤੇ ਜਲਦੀ ਹੀ ਇੱਥੇ ਹਿੰਸਕ ਝੜਪ ਹੋ ਗਈ। ਜਿਸ ਵਿੱਚ ਕਈ ਵਰਕਰ ਜ਼ਖਮੀ ਵੀ ਹੋਏ ਹਨ।
ਪੀਟੀਆਈ ਨੇਤਾ ਫਵਾਦ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਖਾਨ ਦੀ ਰਿਹਾਇਸ਼ ‘ਤੇ ‘ਗੈਰ-ਕਾਨੂੰਨੀ ਕਾਰਵਾਈ’ ਅਤੇ ਹਿੰਸਾ ‘ਚ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰੇਗੀ। ਉਨ੍ਹਾਂ ਟਵੀਟ ਕੀਤਾ, “ਅੱਜ ਕਾਨੂੰਨੀ ਟੀਮ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਤਰ੍ਹਾਂ ਪੁਲਿਸ ਨੇ ਇਮਰਾਨ ਖਾਨ ਦੀ ਰਿਹਾਇਸ਼ ‘ਤੇ ਲਾਹੌਰ ਹਾਈਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ, ਉਨ੍ਹਾਂ ਨੇ ਘਰ ਦੀ ਪਵਿੱਤਰਤਾ ਦੇ ਹਰ ਨਿਯਮ ਨੂੰ ਲਤਾੜਿਆ। ਸਾਮਾਨ ਚੋਰੀ ਕੀਤਾ ਗਿਆ। ਉਹ ਜੂਸ ਦੇ ਡੱਬੇ ਵੀ ਲੈ ਗਏ। ਨਿਰਦੋਸ਼ ਲੋਕਾਂ ‘ਤੇ ਤਸ਼ੱਦਦ ਕੀਤਾ ਗਿਆ। ਅਦਾਲਤੀ ਹੁਕਮਾਂ ਦੀ ਅਵੱਗਿਆ ਨਾ ਮਾਫਯੋਗ ਹੈ। ਹਾਈ ਕੋਰਟ ਨੂੰ ਆਪਣੇ ਫੈਸਲੇ ਦੀ ਰੱਖਿਆ ਕਰਨੀ ਚਾਹੀਦੀ ਹੈ। ਗੈਰ-ਕਾਨੂੰਨੀ ਕਾਰਵਾਈਆਂ ਅਤੇ ਹਿੰਸਾ ਵਿੱਚ ਸ਼ਾਮਲ ਸਾਰੇ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ।”
ਇਹ ਵੀ ਪੜ੍ਹੋ : ਲਾਰੇਂਸ ਮਗਰੋਂ ਗੋਲਡੀ ਦੇ ਸਾਥੀ ਦੀ ਸਲਮਾਨ ਖਾਨ ਨੂੰ ਧਮਕੀ, ਕਿਹਾ- ‘ਹੁਣ ਗੱਲ ਕਰ ਲਓ ਨਹੀਂ ਤਾਂ…’
ਦੂਜੇ ਪਾਸੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਆਈਜੀ ਡਾਕਟਰ ਉਸਮਾਨ ਅਨਵਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਮਰਾਨ ਖਾਨ ਦੇ ਜਮ ਪਾਰਕ ਦੇ ਘਰ ਦੇ ਸਾਹਮਣੇ ਤੋਂ ਪੈਟਰੋਲ ਬੰਬ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਮੌਕੇ ‘ਤੇ ਬੰਕਰ ਅਤੇ ਰੇਤ ਦੇ ਬੋਰੇ ਵੀ ਮਿਲੇ ਹਨ। ਪੁਲਿਸ ਦਾ ਅੰਦਾਜ਼ਾ ਹੈ ਕਿ ਇਮਰਾਨ ਦੇ ਸਮਰਥਕਾਂ ਨੇ ਉਸ ਦੇ ਘਰ ਨੂੰ ਨੋ-ਗੋ ਏਰੀਆ ਵਿੱਚ ਤਬਦੀਲ ਕਰ ਦਿੱਤਾ ਸੀ।
ਆਈਜੀ ਨੇ ਦੱਸਿਆ ਕਿ ਇਮਰਾਨ ਦੇ ਘਰ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਪੁਲਿਸ ਨੇ ਪੀਟੀਆਈ ਦੀ ਉੱਚ ਲੀਡਰਸ਼ਿਪ ਨਾਲ ਗੱਲ ਕੀਤੀ ਸੀ, ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਮਰਾਨ ਖਾਨ ਇਸ ਸਮੇਂ ਘਰ ਵਿੱਚ ਮੌਜੂਦ ਨਹੀਂ ਹਨ। ਪੁਲਿਸ ਨੇ ਕਾਰਵਾਈ ਦੌਰਾਨ ਪੁਲਿਸ ਟੀਮ ’ਤੇ ਪਥਰਾਅ ਕਰਨ ਜਾਂ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝੜਪ ਤੋਂ ਬਾਅਦ ਵੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਇੱਕ ਵੀ ਗੋਲੀ ਨਹੀਂ ਚਲਾਈ।
ਵੀਡੀਓ ਲਈ ਕਲਿੱਕ ਕਰੋ -: