Case registered against 6 police : ਪਠਾਨਕੋਟ ਵਿਚ ਹਾਈਕੋਰਟ ਨੇ 6 ਪੁਲਿਸ ਵਾਲਿਆਂ ’ਤੇ ਮੁਕੱਦਮਾ ਦਰਜ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 2016 ਵਿਚ ਭਾਜਪਾ ਐਸਸੀ ਮੋਰਚਾ ਦੇ ਸਾਬਕਾ ਮੰਡਲ ਪ੍ਰਧਾਨ ਰਮੇਸ਼ ਚੰਦ ਦੇ ਕਤਲ ਮਾਮਲੇ ਵਿਚ 2 ਲੋਕਾਂ ਨੂੰ 6 ਦਿਨ ਤੱਕ ਸੁਜਾਨਪੁਰ ਥਾਣੇ ਵਿਚ ਨਾਜਾਇਜ਼ ਹਿਰਾਸਤ ਵਿਚ ਰਖਿਆ। ਇਨ੍ਹਾਂ ਵਿਚ ਮੌਜੂਦਾ ਡੀਐਸਪੀ ਪਰਮਵੀਰ ਸਿੰਘ ਸਣੇ ਏਐਸਆਈ ਦਿਲਬਾਗ ਸਿੰਘ ਡਿਊਟੀ ਅਫਸਰ, ਪੀਐਚਸੀ ਰਾਜੇਸ਼ ਕੁਮਾਰ, ਸੰਤਰੀ ਡਿਊਟੀ ’ਤੇ ਤਾਇਨਾਤ ਪੀਐਚਸੀ ਸੋਮਰਾਜ, ਪੀਐਚਸੀ ਸਰਦਾਰਾ ਸਿੰਘ ਅਤੇ ਪੀਐਚਸੀ ਅਜੀਤ ਸਿੰਘ ਸ਼ਾਮਲ ਹੈ, ਜਿਨ੍ਹਾਂ ਉਤੇ ਧਾਰਾ 342 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੁਜਾਨਪੁਰ ਪੁਲਿਸ ਨੇ ਉਸ ਸਮੇਂ ਭਾਜਪਾ ਦੇ ਐਸਸੀ ਮੋਰਚਾ ਦੇ ਸਾਬਕਾ ਮੰਡਲ ਪ੍ਰਧਾਨ ਰਮੇਸ਼ ਦੇ ਕਤਲ ਤੋਂ ਬਾਅਦ ਸਲਿੰਦਰ ਤੇ ਅੱਛਰ ਨੂੰ ਉਨ੍ਹਾਂ ਦੇ ਘਰੋਂ ਚੁੱਕ ਕੇ 6 ਦਿਨ ਵਿਚ ਪੁਲਿਸ ਹਿਰਾਸਤ ਵਿਚ ਰਖਿਆ ਸੀ, ਜਿਸ ਤੋਂ ਬਾਅਦ ਸਲਿੰਦਰ ਦੇ ਪਿਤਾ ਬਲਜੀਤ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਉਸ ਨੂੰ ਛੁਡਵਾਇਆ ਸੀ। ਦੱਸਣਯੋਗ ਹੈ ਕਿ ਪਰਮਵੀਰ ਉਸ ਸਮੇਂ ਸੁਜਾਨਪੁਰ ਥਾਣੇ ਦੇ ਇੰਚਾਰਜ ਸਨ।
ਜ਼ਿਕਰਯੋਗ ਹੈ ਕਿ ਸਤੰਬਰ 2016 ਨੂੰ ਭਾਜਪਾ ਐਸਸੀ ਮੋਰਚਾ ਦੇ ਸਾਬਕਾ ਮੰਡਲ ਪ੍ਰਧਾਨ ਰਮੇਸ਼ ਚੰਦ ਦੀ ਉਸ ਸਮੇਂ ਕਿਸੇ ਨੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆਰ ਕਰ ਦਿੱਤੀ ਸੀ ਜਦੋਂ ਉਹ ਘਰੋਂ ਸੈਰ ਕਰਨ ਲਈ ਬਾਹਰ ਗਏ ਸਨ। ਕਾਤਲ ਉਸ ਦੀ ਲਾਸ਼ ਨੂੰ ਝਾੜੀਆਂ ਵਿਚ ਸੁੱਟ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ਵਿਚ ਸਲਿੰਦਰ ਤੇ ਅੱਛਰ ਨੂੰ ਪੁਲਿਸ ਵਾਲਿਆਂ ਨੇ ਛੇ ਦਿਨਾਂ ਤੱਕ ਹਿਰਾਸਤ ਵਿਚ ਰਖਿਆ ਸੀ।