ਪੰਜਾਬ ਵਿੱਚ ਪਸ਼ੂ ਮੇਲੇ ਲਾਉਣ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਤਿੰਨ ਮੈਂਬਰੀ ਮੰਤਰੀ ਗਰੁੱਪ ਨੇ ਪੰਜਾਬ ਵਿੱਚ ਪਸ਼ੂਆਂ ਦੀ ਅੰਤਰ-ਰਾਜੀ ਆਵਾਜਾਈ ਅਤੇ ਪਸ਼ੂ ਮੇਲਿਆਂ ਲਈ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਭਵਨ ਵਿਖੇ ਗੰਢੀ ਬਿਮਾਰੀ ਦੀ ਰੋਕਥਾਮ ਦੇ ਕੰਮਾਂ ਦਾ ਜਾਇਜ਼ਾ ਲੈਣ ਮਗਰੋਂ ਦਿੱਤੀ।
ਪਸ਼ੂ ਪਾਲਣ ਵਿਭਾਗ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਸੂਬੇ ਵਿੱਚ ਲੰਪੀ ਬਿਮਾਰੀ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਲਈ ਕੁਝ ਉਪਾਅ ਅਪਣਾ ਕੇ ਪਸ਼ੂ ਮੇਲਿਆਂ ਅਤੇ ਪਸ਼ੂਆਂ ਦੀ ਅੰਤਰ-ਰਾਜੀ ਆਵਾਜਾਈ ‘ਤੇ ਲੱਗੀ ਪਾਬੰਦੀ ਨੂੰ ਹਟਾਇਆ ਜਾ ਸਕਦਾ ਹੈ। ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਜੀਓਐਮ ਨੇ ਇਸ ਸ਼ਰਤ ‘ਤੇ ਪਸ਼ੂਆਂ ਅਤੇ ਪਸ਼ੂ ਮੇਲਿਆਂ ਦੀ ਅੰਤਰ-ਰਾਜੀ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਣਾ ਲਾਜ਼ਮੀ ਹੈ ਅਤੇ ਵਪਾਰੀ ਜਾਂ ਕਿਸਾਨ ਆਪਣੇ ਨਾਲ ਟੀਕਾਕਰਨ ਸਰਟੀਫਿਕੇਟ ਲੈ ਕੇ ਆਉਣ।
ਜੀਓਐਮ ਨੇ ਪਸ਼ੂ ਪਾਲਣ ਵਿਭਾਗ ਨੂੰ ਲੰਪੀ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਪਸ਼ੂਆਂ ਦੀ ਅੰਤਰ-ਰਾਜੀ ਆਵਾਜਾਈ ਅਤੇ ਰਾਜ ਵਿੱਚ ਪਸ਼ੂ ਮੇਲਿਆਂ ਦੇ ਆਯੋਜਨ ਲਈ ਵੱਖਰੇ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ। ਮੰਤਰੀਆਂ ਨੇ ਵਿਭਾਗ ਨੂੰ ਪਸ਼ੂ ਮੇਲਿਆਂ ਵਿੱਚ ਵੈਟਰਨਰੀ ਡਾਕਟਰਾਂ ਦੀ ਤਾਇਨਾਤੀ ਦੇ ਨਾਲ-ਨਾਲ ਇਨ੍ਹਾਂ ਗਤੀਵਿਧੀਆਂ ‘ਤੇ ਵੀ ਤਿੱਖੀ ਨਜ਼ਰ ਰੱਖਣ ਲਈ ਕਿਹਾ ਤਾਂ ਜੋ ਲੰਪੀ ਦਾ ਕੋਈ ਨਵਾਂ ਮਾਮਲਾ ਸਾਹਮਣੇ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਮੰਤਰੀਆਂ ਨੇ ਲੰਪੀ ਦੇ ਪਾਜ਼ੀਟਿਵ ਸੈਂਪਲ ਵਾਲੇ ਇੱਕ ਯੂਟਿਨ ਨੂੰ ਛੱਡ ਕੇ ਨਾਭਾ ਸੀਮਨ ਸਟੇਸ਼ਨ ਦੇ ਸਾਰੇ ਸੀਮਨ ਉਤਪਾਦਨ ਸਟੇਸ਼ਨਾਂ ‘ਤੇ ਪਾਬੰਦੀ ਵੀ ਹਟਾ ਦਿੱਤੀ ਹੈ। ਸਾਰੇ ਸਟੇਸ਼ਨਾਂ ‘ਤੇ ਸੀਮਨ ਦੇ ਸੈਂਪਲਾਂ ਦੀ ਰੈਂਡਮ ਜਾਂਚ ਕਰਨ ਸਣੇ ਨਾਭਾ ਸਟੇਸ਼ਨ ‘ਤੇ ਸੀਮਨ ਦੇ ਸਾਰੇ ਸੈਂਪਲਾਂ ਦੀ ਰੈਗੂਲਰ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਜੀਓਐਮ ਨੂੰ ਦੱਸਿਆ ਕਿ ਵਿਭਾਗ ਵੱਲੋਂ ਲੰਪੀ ਨੂੰ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਇਸ ਬਿਮਾਰੀ ਲਈ ਵੀ ਮੂੰਹ ਖੁਰ ਤੇ ਬਰੂਸੇਲੋਸਿਸ ਆਦਿ ਬੀਮਾਰੀਆਂ ਦੀ ਤਰਜ ‘ਤੇ ਮੁਫਤ ਟੀਕਾਕਰਨ ਦਾ ਲਾਭ ਲਿਆ ਜਾ ਸਕੇ।
ਇਹ ਵੀ ਪੜ੍ਹੋ : CM ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਉਦਘਾਟਨ, ਸਮਾਗਮ ‘ਚ ਕਾਲੀਆਂ ਪੱਗਾਂ ਵਾਲਿਆਂ ਲਈ No Entry
ਉਨ੍ਹਾਂ ਕਿਹਾ ਕਿ ਕੇਂਦਰੀ ਪਸ਼ੂ ਪਾਲਣ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਇਹ ਮਾਮਲਾ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਰਚਾ ਲਈ ਭੇਜਿਆ ਜਾਵੇਗਾ। ਵਿੱਤ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਮੁੱਦਿਆਂ ਦੇ ਛੇਤੀ ਹੱਲ ਲਈ ਕੇਂਦਰੀ ਪਸ਼ੂ ਪਾਲਣ ਮੰਤਰੀ ਕੋਲ ਉਠਾਉਣ। ਇਸ ਦੇ ਨਾਲ ਹੀ ਕੈਬਨਿਟ ਮੰਤਰੀਆਂ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਵੈਕਸੀਨ ਦੀਆਂ 19,150 ਡੋਜ਼ਾਂ ਦੇ ਮਾਮਲੇ ਵਿੱਚ ਪਸ਼ੂ ਪਾਲਣ ਵਿਭਾਗ ਨੂੰ 20 ਦਿਨਾਂ ਵਿੱਚ ਜਾਂਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਅਣਗਹਿਲੀ ਅਤੇ ਲਾਪਰਵਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਵੀਡੀਓ ਲਈ ਕਲਿੱਕ ਕਰੋ -: