ਚੰਡੀਗੜ੍ਹ : ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਵੱਡੀ ਕਾਰਵਾਈ ਕਰਦੇ ਹੋਏ ਐਤਵਾਰ ਨੂੰ ਇੱਕ ਮੋਸਟ ਵਾਂਟੇਡ ਅੱਤਵਾਦੀ ਮਾਡਿਊਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਉਰਫ਼ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪਿਛਲੇ 12 ਸਾਲਾਂ ਤੋਂ ਵੱਖ-ਵੱਖ ਤਰੀਕਿਆਂ ਨਾਲ ਪਛਾਣ ਬਦਲ ਕੇ ਲੁਕਵੀਆਂ ਥਾਵਾਂ ‘ਤੇ ਗ੍ਰਿਫਤਾਰੀ ਤੋਂ ਬਚਦਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਚਰਨਜੀਤ ਉਰਫ਼ ਪਟਿਆਲਵੀ ਬੀ.ਕੇ.ਆਈ ਅੱਤਵਾਦੀ ਮਾਡਿਊਲ ਦਾ ਸਰਗਰਮ ਮੈਂਬਰ ਸੀ, ਜਿਸ ਨੂੰ 2007 ਵਿੱਚ ਸ਼ਿੰਗਾਰ ਸਿਨੇਮਾ ਲੁਧਿਆਣਾ ਬੰਬ ਧਮਾਕਿਆਂ ਅਤੇ 2010 ਵਿੱਚ ਕਾਲੀ ਮਾਤਾ ਮੰਦਰ, ਪਟਿਆਲਾ ਅਤੇ ਅੰਬਾਲਾ ਵਿਖੇ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਲ ਹੋਣ ਲਈ ਪੰਜਾਬ ਪੁਲਿਸ ਨੇ 2010 ਵਿੱਚ ਬੇਨਕਾਬ ਕੀਤਾ ਸੀ। ਉਸ ਦੇ ਬਾਕੀ ਸਾਰੇ ਸਾਥੀਆਂ ਨੂੰ ਪੰਜਾਬ ਪੁਲਿਸ ਨੇ 2010 ਵਿੱਚ ਗ੍ਰਿਫਤਾਰ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਏ.ਜੀ.ਟੀ.ਐੱਫ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਰਹਿਣ ਵਾਲੇ ਚਰਨਜੀਤ ਪਟਿਆਲਵੀ ਨੂੰ ਐਕਸਪਲੋਸਿਵ ਐਕਟ ਦੀ ਧਾਰਾ 4/5 ਅਧੀਨ ਦਰਜ ਐਫਆਈਆਰ ਨੰਬਰ 154 ਅਤੇ ਪੁਲਿਸ ਸਟੇਸ਼ਨ ਮਾਛੀਵਾੜਾ ਵਿਖੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17/18/20 ਵਿੱਚ ਮਿਤੀ 23-07-2010 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਹਾਲਾਂਕਿ, ਪਟਿਆਲਵੀ ਦੇ ਇੱਕ ਹੋਰ ਸਾਥੀ ਮ੍ਰਿਤਕ ਅੱਤਵਾਦੀ ਗੁਰਮੇਲ ਸਿੰਘ ਬੋਬਾ ਵਾਸੀ ਬੂਟਾ ਸਿੰਘ ਵਾਲਾ ਨੂੰ ਇਸ ਮਾਮਲੇ ਵਿੱਚ ਡੇਟੋਨੇਟਰ ਅਤੇ ਆਰ.ਡੀ.ਐੱਕਸ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਚਨਾ ਤੋਂ ਬਾਅਦ ਏ.ਆਈ.ਜੀ. ਏ.ਜੀ.ਟੀ.ਐੱਫ. ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਏ.ਜੀ.ਟੀ.ਐੱਫ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਏ.ਜੀ.ਟੀ.ਐਫ. ਦੀਆਂ ਟੀਮਾਂ ਨੇ ਪਟਿਆਲਵੀ ਨੂੰ ਡੇਰਾਬੱਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਡੀਆਈਜੀ ਭੁੱਲਰ ਨੇ ਕਿਹਾ ਕਿ ਪਟਿਆਲਵੀ ਆਪਣੇ ਆਪ ਨੂੰ ਗ੍ਰੰਥੀ ਦਾ ਭੇਸ ਬਣਾ ਕੇ ਇਸ ਸਮੇਂ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਸੀ ਅਤੇ ਗੱਲਬਾਤ ਲਈ ਕੋਈ ਸਾਧਨ ਨਹੀਂ ਵਰਤ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ ਪੱਛਮੀ ਬੰਗਾਲ ਦੇ ਪਤੇ ‘ਤੇ ਵੱਖ-ਵੱਖ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ। ਅਗਲੇਰੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ, ਇਸ ਨਾਲ ਹੋਰ ਗ੍ਰਿਫਤਾਰੀਆਂ ਅਤੇ ਅਹਿਮ ਖੁਲਾਸੇ ਹੋ ਸਕਦੇ ਹਨ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਤੇਜ਼ ਕਰਨ ਲਈ ਡੀਜੀਪੀ ਪੰਜਾਬ ਵੀ.ਕੇ. ਭਾਵਰਾ ਦੀ ਨਿਗਰਾਨੀ ਹੇਠ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਇੱਕ ਏ.ਜੀ.ਟੀ.ਐੱਫ. ਦਾ ਗਠਨ ਕੀਤਾ ਹੈ।