ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਨੇ 7 ਲੋਕਾਂ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ, ਜਿਨ੍ਹਾਂ ‘ਚ ਕਪਿਲ ਪੰਡਿਤ, ਮਨਦੀਪ ਰਈਆ, ਰਜਿੰਦਰ, ਜੋਕਰ, ਦੀਪਕ ਮੁੰਡੀ, ਕੁਲਦੀਪ ਸਿੰਘ, ਬਿੱਟੂ ਸਿੰਘ ਸਣੇ ਕੁੱਲ 7 ਲੋਕਾਂ ਨੂੰ ਚਲਾਨ ‘ਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਮਾਨਸਾ ਦੀ ਅਦਾਲਤ ਵਿੱਚ ਦੀਪਕ ਮੁੰਡੀ ਫਰਾਰ ਮਾਮਲੇ ਵਿੱਚ 8 ਲੋਕਾਂ ਦੀ ਜ਼ਮਾਨਤ ਅਦਾਲਤ ਨੇ ਖਾਰਿਜ ਕਰ ਦਿੱਤੀ ਅਤੇ ਦੋ ਲੋਕ ਜੋ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੋਸ਼ੀ ਹਨ ਉਨ੍ਹਾਂ ਦੀ ਜ਼ਮਾਨਤ ਵੀ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਮਾਨਸਾ ਪੁਲਿਸ ਹੁਣ ਸਿੱਧੂ ਮੂਸੇਵਾਲਾ ਕੇਸ ਵਿੱਚ ਨਵੇਂ ਸਿਰੇ ਤੋਂ ਜਾਂਚ ਕਰਨ ਲਗੀ ਹੈ, ਜਿਸ ਦੇ ਚੱਲਦੇ ਗੈਂਗਸਟਰ ਮਨਮੋਹਨ ਸਿੰਘ ਮੋਹਨਾ ਨੂੰ ਹੋਰ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ ਸੀ, ਜਿਸ ਦੀ ਪੁੱਛਗਿੱਛ ਵਿੱਚ 32 ਬੋਰ ਦੇ ਪਿਸਟਲ ਬਰਾਮਦ ਕੀਤੇ ਗਏ ਹਨ ਅਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਗੈਂਗਸਟਰਾਂ ਨੂੰ ਮਾਨਸਾ ਲਿਆ ਕੇ ਪੁੱਛਗਿੱਛ ਕੀਤੀ ਜਾਏਗੀ। ਦੱਸ ਦੇਈਏ ਕਿ ਇਸ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਹੁਣ ਤੱਕ 31 ਵਿਅਕਤੀਆਂ ਖਿਲਾਫ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ, ਜਦਕਿ 27 ਮੁਲਜ਼ਮ ਪੁਲਿਸ ਹਿਰਾਸਤ ਵਿੱਚ ਹਨ।
ਇਹ ਵੀ ਪੜ੍ਹੋ : ‘ਸ੍ਰੀ ਆਨੰਦਪੁਰ ਸਾਹਿਬ ਨੂੰ ਹੈਰੀਜੇਟ ਸਿਟੀ ਦਾ ਦਰਜਾ ਦਿੱਤਾ ਜਾਵੇ’, ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਮੁੱਦਾ
ਦੱਸ ਦਈਏ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ 6 ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਇਨ੍ਹਾਂ ਵਿੱਚੋਂ 4 ਨੂੰ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ 2 ਸ਼ੂਟਰਾਂ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ ਸੀ।
ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ, ਜਿਸ ਦੀ ਅਮਰੀਕਾ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਹਾਲ ਹੀ ਵਿੱਚ ਖਬਰਾਂ ਉਡੀਆਂ ਸਨ, ਪਰ ਗੋਲਡੀ ਬਰਾੜ ਨੇ ਇਹ ਦਾਅਵਾ ਕੀਤਾ ਸੀ ਕਿ ਨਾ ਤਾਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਨਾ ਹੀ ਉਹ ਅਮਰੀਕਾ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: