ਚੰਡੀਗੜ੍ਹ : ਆਬਕਾਰੀ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਨੇ ਮਿਲ ਕੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਸ਼ਰਾਬ ਤਸਕਰਾਂ ਦੇ ਇੱਕ ਸੰਗਠਿਤ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਹ ਗਿਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਇਸ ਨੂੰ ਮਹਿੰਗੇ ਇੰਪੋਰਟਿਡ ਸਕਾਚ ਬਰਾਂਡਾਂ ਵਿੱਚ ਭਰਦਾ ਸੀ। ਗਿਰੋਹ ਦੇ 4 ਮੈਂਬਰਾਂ ਨੂੰ ਨਕਲੀ ਸ਼ਰਾਬ ਸਣੇ ਕਾਬੂ ਕੀਤਾ ਗਿਆ, ਜਿਸ ਵਿੱਚ ਚੀਵਾਸ ਰੀਗਲ ਦੇ 4 ਕੇਸ, ਗਲੇਨਲਿਵੇਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਮਿਲੀ ਸੀ ਕਿ ਇੱਕ ਸੰਗਠਿਤ ਗਿਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਕੇ ਪੰਜਾਬ ਵਿੱਚ ਇਸ ਨੂੰ ਮਹਿੰਗੇ ਸਕਾਚ ਮਾਰਕਾ ਦੀਆਂ ਬੋਤਲਾਂ ਵਿੱਚ ਭਰਦਾ ਹੈ। ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਦੇ ਤਾਲਮੇਲ ਨਾਲ ਖੁਫੀਆ ਸੂਚਨਾਵਾਂ ਬਾਰੇ ਪਤਾ ਲਗਾਇਆ ਗਿਆ।
ਦੋ ਦਿਨ ਪਹਿਲਾਂ ਟੀਮ ਨੂੰ ਸੂਹ ਮਿਲੀ ਕਿ ਮੁਲਜ਼ਮ ਕੁੰਦਨ ਵਿਸ਼ਟ ਪੁੱਤਰ ਮੋਹਨ ਸਿੰਘ ਵਾਸੀ ਐਚ. 226, ਪਿੰਡ ਕਝੇੜੀ, ਚੰਡੀਗੜ੍ਹ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਮਿਲ ਕੇ ਨਕਲੀ ਸਕਾਚ ਸ਼ਰਾਬ ਸਪਲਾਈ ਕਰਨ ਵਾਲਾ ਹੈ। ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਤੇ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀਆਂ ਟੀਮਾਂ ਹਰਕਤ ਵਿੱਚ ਆ ਗਈਆਂ ਅਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।
ਟੀਮਾਂ ਨੇ ਦੋ ਕਾਰਾਂ ਟਾਟਾ ਟਿਆਗੋ ਸੀਐਚ01ਬੀਵੀ9460 ਅਤੇ ਸਵਿਫਟ ਐਚਆਰ51ਬੀਡੀ5918 ਨੂੰ ਖਮਾਣੋਂ ਨੇੜੇ ਨਾਕੇ ’ਤੇ ਰੋਕਿਆ ਗਿਆ ਅਤੇ ਗਿਰੋਹ ਦੇ ਚਾਰ ਮੈਂਬਰ ਕੁੰਦਨ ਵਿਸ਼ਟ, ਹਰਸ਼ਵਰਦਨ ਪੁੱਤਰ ਸਤੀਸ਼ਵਰ ਪਰਸ਼ਾਦ ਵਾਸੀ ਐਚ. 19, ਡਿਫੈਂਸ ਕਲੋਨੀ ਅੰਬਾਲਾ, ਪਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਜ਼ਿਲ੍ਹਾ ਜੀਂਦ, ਹਰਿਆਣਾ ਅਤੇ ਜਸਮੀਨ ਕੌਰ ਪੁੱਤਰੀ ਰਾਜਵੀਰ ਸਿੰਘ ਵਾਸੀ ਸੰਗਰੂਰ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ। ਟੀਮ ਨੂੰ ਭੇਜੀ ਜਾ ਰਹੀ ਖੇਪ ਵਿੱਚ Chivas regal ਦੇ 4 ਕੇਸ, Glenlivet ਦੇ 4 ਕੇਸ ਅਤੇ Gold label reserve ਦੇ 2 ਕੇਸ ਮਿਲੇ ਹਨ।
ਪੁੱਛਗਿੱਛ ਦੌਰਾਨ ਗਿਰੋਹ ਦੇ ਮੈਂਬਰਾਂ ਨੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਤਸਕਰੀ ਕਰਦੇ ਹਨ ਅਤੇ ਕਿਰਾਏ ਦੇ ਮਕਾਨ ‘ਤੇ ਮਹਿੰਗੇ ਸਕਾਚ ਦੀਆਂ ਖਾਲੀ ਬੋਤਲਾਂ ‘ਚ ਭਰ ਦਿੰਦੇ ਹਨ। ਬਾਅਦ ‘ਚ ਟੀਮ ਨੇ ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਮੋਹਾਲੀ ਦੇ ਮਦਨਪੁਰ ‘ਚ ਕਿਰਾਏ ਦੇ ਘਰ ‘ਤੇ ਛਾਪਾ ਮਾਰ ਕੇ 2 ਕੇਸ ਹਾਈ ਸਪੀਡ, ਕਿੰਗ ਗੋਲਡ ਦੇ 2 ਕੇਸ, 1 ਕੇਸ ਯੂਕੇ ਨੰ. 1, 150 ਖਾਲੀ ਬੋਤਰਾਂ ਯੂਕੇ ਨੰ. 1, ਹਾਈ ਸਪੀਡ ਵ੍ਹਿਸਕੀ ਦੀਆਂ 21 ਖਾਲੀ ਬੋਤਲਾਂ, ਸਿੰਗਲਟਨ ਵ੍ਹਿਸਕੀ ਦੀਆਂ 3 ਖਾਲੀ ਬੋਤਲਾਂ, ਬਲੈਕ ਲੇਬਲ ਜੌਨੀ ਵਾਕਰ ਦੀਆਂ 5 ਖਾਲੀ ਬੋਤਲਾਂ, ਬਲੂ ਲੇਬਲ ਦੀਆਂ 14 ਖਾਲੀ, ਗਲੇਨਲਿਵੇਟ ਦੇ 5 ਡੱਬੇ, ਬਲੈਕ ਡੌਗ ਗੋਲਡ ਦੇ 2 ਡੱਬੇ, ਗਲੇਨਫਿਡਿਚ 15 ਈਅਰਸ ਦਾ 1 ਡੱਬਾ ਅਤੇ ਗਲੇਨਲਿਵੇਟ, ਗਲੇਨਫਿਡਿਚ ਅਤੇ ਬਲੈਕ ਲੇਬਲ ਬ੍ਰਾਂਡਾਂ ਦੇ ਢੱਕਣ ਬਰਾਦਮ ਕੀਤੇ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਮੁਹਾਲੀ ਅਤੇ ਲੁਧਿਆਣਾ ਦੇ ਵੱਖ-ਵੱਖ ਸਕਰੈਪ ਡੀਲਰਾਂ ਤੋਂ ਸਕਾਚ ਬ੍ਰਾਂਡ ਦੀਆਂ ਖਾਲੀ ਬੋਤਲਾਂ ਖਰੀਦਦੇ ਹਨ ਅਤੇ ਉਹ ਵੀ ਇਸ ਰੈਕੇਟ ਵਿੱਚ ਸ਼ਾਮਲ ਹਨ। ਪੁਲਿਸ ਦੀਆਂ ਟੀਮਾਂ ਇਨ੍ਹਾਂ ਡੀਲਰਾਂ ਦਾ ਪਿੱਛਾ ਕਰ ਰਹੀਆਂ ਹਨ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕੁੰਦਨ ਵਿਸ਼ਟ, ਹਰਸ਼ਵਰਦਨ, ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਖਿਲਾਫ ਪੰਜਾਬ ਐਕਸਾਈਜ਼ ਐਕਟ ਦੀ ਧਾਰਾ 61/1/14 ਅਤੇ 78(2) ਅਤੇ ਧਾਰਾ 420 ਅਤੇ 120-ਬੀ ਆਈ.ਪੀ.ਸੀ.ਦੇ ਤਹਿਤ ਖਮਾਣੋਂ ਪੁਲਿਸ ਸਟੇਸ਼ਨ ਵਿਖੇ ਮਿਤੀ 26-05-2022 ਨੂੰ ਐਫਆਈਆਰ ਨੰਬਰ 60 ਦਰਜ ਕੀਤੀ ਗਈ ਸੀ।