ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈਜੀਆਈ ਏਅਰਪੋਰਟ) ‘ਤੇ ਆਂਧਰਾ ਪ੍ਰਦੇਸ਼ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਦਾ ਵਿਦਿਆਰਥੀ ਬਣ ਕੇ ਅਤੇ ਫਲਾਈਟ ਛੁੱਟ ਜਾਣ ਦਾ ਬਹਾਣਾ ਬਣਾ ਕੇ ਇੱਕ ਨੌਜਵਾਨ ਨੇ 100 ਤੋਂ ਵੱਧ ਯਾਤਰੀਆਂ ਨਾਲ ਠੱਗੀ ਮਾਰੀ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਸ ਦੀ ਪਛਾਣ ਦਿਨੇਸ਼ ਕੁਮਾਰ, ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲਾ ਨਿਵਾਸੀ ਵਜੋਂ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਪਿਛਲੇ ਚਾਰ-ਪੰਜ ਸਾਲਾਂ ਵਿੱਚ ਹੁਣ ਤੱਕ 100 ਤੋਂ ਵੱਧ ਯਾਤਰੀਆਂ ਨਾਲ ਠੱਗੀ ਮਾਰ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਪੀਜੀ ਮੈਨਸ ਹੋਸਟਲ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ 19 ਦਸੰਬਰ 2021 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬੜੌਦਾ ਤੋਂ ਦਿੱਲੀ ਏਅਰਪੋਰਟ ਦੇ ਟੀ-3 ਟਰਮੀਨਲ ਪਹੁੰਚਿਆ ਸੀ। ਇੱਥੇ ਮੁਲਜ਼ਮ ਨੇ ਉਸ ਕੋਲ ਪਹੁੰਚ ਕੇ ਕਿਹਾ ਕਿ ਉਹ ਆਂਧਰਾ ਪ੍ਰਦੇਸ਼ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਦਾ ਵਿਦਿਆਰਥੀ ਹੈ।
ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਨੇ ਉਸ ਨੂੰ ਯੂਨੀਵਰਸਿਟੀ ਦਾ ਸ਼ਨਾਖਤੀ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਉਹ ਚੰਡੀਗੜ੍ਹ ਤੋਂ ਆਇਆ ਸੀ ਅਤੇ ਵਿਸ਼ਾਖਾਪਟਨਮ ਜਾਣ ਵਾਲਾ ਉਸ ਦੀ ਫਲਾਈਟ ਮਿਸ ਹੋ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਵਿਸ਼ਾਖਾਪਟਨਮ ਦੀ ਛੁੱਟ ਚੁੱਕੀ ਫਲਾਈਟ ਦੀ 15 ਹਜ਼ਾਰ ਰੁਪਏ ਦੀ ਟਿਕਟ ਦਿਖਾਉਂਦੇ ਹੋਏ ਕਿਹਾ ਕਿ ਉਸ ਕੋਲ ਸਿਰਫ਼ 6 ਹਜ਼ਾਰ ਰੁਪਏ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਪੀੜਤ ਨੂੰ ਟਿਕਟ ਲਈ ਘੱਟਦੀ ਬਾਕੀ ਰਕਮ ਦੇਣ ਲਈ ਮਨਾ ਲਿਆ ਅਤੇ ਵਾਅਦਾ ਕੀਤਾ ਕਿ ਉਹ ਵਿਸ਼ਾਖਾਪੱਟਨਮ ਪਹੁੰਚ ਕੇ ਉਸ ਨੂੰ ਪੈਸੇ ਵਾਪਸ ਕਰ ਦੇਵੇਗਾ। ਇਸ ਤੋਂ ਬਾਅਦ ਪੀੜਤ ਨੇ ਗੂਗਲ ਪੇਅ ਰਾਹੀਂ ਉਸ ਦੇ ਖਾਤੇ ‘ਚ 9250 ਰੁਪਏ ਭੇਜ ਦਿੱਤੇ। ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਦੇ ਵਾਰ-ਵਾਰ ਮੰਗਣ ਦੇ ਬਾਵਜੂਦ ਪੈਸੇ ਵਾਪਸ ਨਹੀਂ ਕੀਤੇ ਤਾਂ ਸ਼ਿਕਾਇਤਕਰਤਾ ਨੇ ਪੁਲਿਸ ਕੋਲ ਪਹੁੰਚ ਕੇ ਇਸ ਸਬੰਧੀ ਕੇਸ ਦਰਜ ਕਰਵਾਇਆ ਹੈ।
ਸੰਜੇ ਤਿਆਗੀ, ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏਅਰਪੋਰਟ) ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸ਼ੱਕੀ ਵਿਅਕਤੀ ਨੂੰ 30 ਦਸੰਬਰ ਨੂੰ ਟਰਮੀਨਲ-2 ਤੋਂ ਫੜਿਆ ਗਿਆ ਸੀ, ਜਦੋਂ ਉਹ ਕਿਸੇ ਹੋਰ ਯਾਤਰੀ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਖਿਲਾਫ ਪਹਿਲਾਂ ਹੀ ਪੰਜ ਮਾਮਲੇ ਦਰਜ ਹਨ ਅਤੇ ਟਵਿੱਟਰ ‘ਤੇ ਵੀ ਉਸਦੇ ਖਿਲਾਫ ਕਈ ਸ਼ਿਕਾਇਤਾਂ ਹਨ।