ਅਬੋਹਰ ਸ਼ਹਿਰ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਇੱਕ ਨਿੱਜੀ ਸਕੂਲ ਦੀ ਵੈਨ ਪਿੰਡ ਭਾਗੂ ਨੇੜੇ ਪਲਟ ਗਈ। ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਇਕ ਬੱਚੀ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ। 2 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਬੱਚੇ ਦੇ ਮਾਪੇ ਅਤੇ ਸਕੂਲ ਅਧਿਆਪਕ ਹਸਪਤਾਲ ਪਹੁੰਚ ਗਏ।
ਮਿਲੀ ਜਾਣਕਾਰੀ ਮੁਤਾਬਕ ਸਕੂਲ ਵੈਨ ਦੇ ਡਰਾਈਵਰ ਦੇਵਗਨ ਵਾਸੀ ਖੈਰਪੁਰ ਨੇ ਦੱਸਿਆ ਕਿ ਇਸ ਸਕੂਲ ਵੈਨ ਨੂੰ ਉਸ ਦਾ ਰਿਸ਼ਤੇਦਾਰ ਚਲਾਉਂਦਾ ਹੈ ਪਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਉਹ ਪਿਛਲੇ 2 ਦਿਨਾਂ ਤੋਂ ਵੈਨ ਨੂੰ ਸੰਭਾਲ ਰਿਹਾ ਹੈ। ਅੱਜ ਉਹ ਛੁੱਟੀ ਤੋਂ ਬਾਅਦ 4 ਬੱਚਿਆਂ ਨੂੰ ਵੈਨ ਵਿੱਚ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ।
ਦੇਵਗਨ ਮੁਤਾਬਕ ਸੜਕ ‘ਤੇ ਕੁੱਤੇ ਦੇ ਆਉਣ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਅਚਾਨਕ ਵੈਨ ਪਲਟ ਗਈ। ਹਾਦਸੇ ‘ਚ 9 ਸਾਲਾ ਵਿਹਾਨ ਪੁੱਤਰ ਰੋਹਿਤ ਬਿਸ਼ਨੋਈ ਵਾਸੀ ਸੀਤੋ ਗੁੰਨੋ ਦੀ ਮੌਤ ਹੋ ਗਈ, ਜਦਕਿ ਇਕ ਲੜਕੀ ਜ਼ਖਮੀ ਹੋ ਗਈ, ਜਿਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਆਮ ਲੋਕਾਂ ਵਾਂਗ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸ਼ਿਖਰ ਧਵਨ, ਜੂਠੇ ਭਾਂਡਿਆਂ ਦੀ ਸੇਵਾ ਕੀਤੀ, ਲਾਈਨ ‘ਚ ਲੱਗੇ
ਮ੍ਰਿਤਕ ਬੱਚੇ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਦਿਆਂ ਪ੍ਰਸ਼ਾਸਨ ਨੂੰ ਬੱਚੇ ਦੀ ਲਾਸ਼ ਪੋਸਟਮਾਰਟਮ ਤੋਂ ਬਿਨਾਂ ਦੇਣ ਦੀ ਅਪੀਲ ਕੀਤੀ ਹੈ, ਜਿਸ ‘ਤੇ ਪ੍ਰਸ਼ਾਸਨ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਸਿਹਤ ਵਿਭਾਗ ਨੂੰ ਲਿਖਤੀ ਮਨਜ਼ੂਰੀ ਦੇ ਦਿੱਤੀ ਅਤੇ ਇਸ ਤਹਿਤ ਪੁਲਿਸ ਨੇ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਪੋਸਟਮਾਰਟਮ ਤੋਂ ਬਿਨਾਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: