ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ‘ਤੇ ਸਵਾਲ ਚੁੱਕੇ ਹਨ। ਸਵਾਤੀ ਦੇ ਹਮਲੇ ਮਗਰੋਂ ਹਰਿਆਣਾ ਸਰਕਾਰ ਨੇ ਜਵਾਬ ਵਿੱਚ ਸਫਾਈ ਦਿੱਤੀ ਹੈ।
ਸੀ.ਐੱਮ. ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਇਸ ਵਿੱਚ ਮੇਰਾ ਕੋਈ ਰੋਲ ਨਹੀਂ ਹੈ। ਅਦਾਲਤਾਂ ਕੈਦ ਦੀ ਸਜ਼ਾ ਦਿੰਦੀਆਂ ਹਨ ਅਤੇ ਦੋਸ਼ੀ ਜੇਲ੍ਹ ਜਾਂਦਾ ਹੈ। ਉਸ ਤੋਂ ਬਾਅਦ ਜੇਲ੍ਹ ਦੇ ਨਿਯਮ ਸਾਰੇ ਕੈਦੀਆਂ ‘ਤੇ ਲਾਗੂ ਹੁੰਦੇ ਹਨ।
ਦੱਸ ਦੇਈਏ ਕਿ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵਿੱਟਰ ‘ਤੇ ਇਕ ਟਵੀਟ ਕੀਤਾ, ਜਿਸ ‘ਚ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਨੂੰ ਰਾਮ ਰਹੀਮ ਦੀ ਭਗਤੀ ‘ਚ ਲੀਨ ਦੱਸਿਆ।
ਰਾਮ ਰਹੀਮ ਨੂੰ ਬਲਾਤਕਾਰੀ ਦੱਸਦਿਆਂ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਕਾਤਲ ਅਤੇ ਬਲਾਤਕਾਰੀ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ। ਇਸ ਵਾਰ ਰਾਮ ਰਹੀਮ ਪੈਰੋਲ ‘ਤੇ ਰਹਿ ਕੇ ਥਾਂ-ਥਾਂ ਸਤਿਸੰਗ ਕਰ ਰਿਹਾ ਹੈ। ਇਸ ਸਤਿਸੰਗ ਵਿੱਚ ਹਰਿਆਣਾ ਦੇ ਡਿਪਟੀ ਸਪੀਕਰ ਅਤੇ ਸੂਬੇ ਦੇ ਮੇਅਰ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ : ਜੇਲ੍ਹ ‘ਚ ਨਸ਼ੇ ਦੀਆਂ ਪੁੜੀਆਂ ਦਿੰਦਾ ਡਾਕਟਰ ਰੰਗੇ ਹੱਥੀਂ ਕਾਬੂ, ਕੈਦੀਆਂ ਤੋਂ ਵਸੂਲਦਾ ਸੀ ਮੋਟੀ ਰਕਮ
ਉਨ੍ਹਾਂ ਅੱਗੇ ਲਿਖਿਆ ਕਿ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਅਤੇ ਕਤਲ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ? ਉਹ ਪੈਰੋਲ ‘ਤੇ ਭਾਸ਼ਣ ਅਤੇ ਗੀਤ ਬਣਾਉਂਦਾ ਹੈ ਅਤੇ ਹਰਿਆਣਾ ਸਰਕਾਰ ਦੇ ਕੁਝ ਨੇਤਾ ਤਾੜੀਆਂ ਵਜਾਉਂਦੇ ਹਨ, ਸ਼ਰਧਾ ਵਿਚ ਲੀਨ ਹੋ ਜਾਂਦੇ ਹਨ। ਹਰਿਆਣਾ ਸਰਕਾਰ ਨੂੰ ਗੁਰਮੀਤ ਦੀ ਪੈਰੋਲ ਤੁਰੰਤ ਖਤਮ ਕਰਨੀ ਚਾਹੀਦੀ ਹੈ।