ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹ ਅੱਜ ਲੁਧਿਆਣਾ ਵਿਖੇ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਘਰ ਪਹੁੰਚੇ। ਇਥੇ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਵਿਚ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਇਨਕਲਾਬ ਨਜ਼ਰ ਆਉਂਦਾ ਸੀ, ਉਹ ਹੁਣ ਨਜ਼ਰ ਨਹੀਂ ਆਉਂਦਾ। ਉਹ ਜਦੋਂ ਤੋਂ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਦਬੇ-ਦਬੇ ਹੀ ਰਹਿੰਦੇ ਹਨ। ਇਨਕਲਾਬ ਵਾਲੀਆਂ ਗੱਲਾਂ ਉਹ ਭੁੱਲ ਚੁੱਕੇ ਹਨ। ਭਗਵੰਤ ਮਾਨ ਤਾਂ ਸਿਰਫ ਪੰਜਾਬ ਵਿਚ ਇੱਕ ਨਾਂ ਹੈ। ਅਸਲ ਵਿਚ ਪੰਜਾਬ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ।
ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਮਤ ਨਾਲ ਆਈ ਹੈ ਜੋ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਲੈਣੇ ਚਾਹੀਦੇ ਹਨ ਉਹ ਫੈਸਲੇ ਦਿੱਲੀ ਦੇ CM ਕੇਜਰੀਵਾਲ ਲੈ ਰਹੇ ਹਨ ਜਦੋਂ ਕਿ ਦਿੱਲੀ ‘ਚ ਸਿਰਫ ਐੱਮਸੀਐੱਲ ਹੀ ਕੇਜਰੀਵਾਲ ਅਧੀਨ ਹਨ।
ਉਨ੍ਹਾਂ ਕਿਹਾ ਕਿ ਸੀਐੱਮ ਮਾਨ ਨੇ ਬਿਨਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਏ ਵੱਖ-ਵੱਖ ਵਿਭਾਗਾਂ ਦੇ 18 ਐਗਰੀਮੈਂਟ ਸਾਈਨ ਕਰ ਦਿੱਤੇ ਹਨ ਜਿਸ ਦਾ ਕਾਂਗਰਸ ਵਿਰੋਧ ਕਰਦੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਠੇਕੇ ‘ਤੇ ਦੇਣ ਦੀ ਤਿਆਰੀ ਮੁੱਖ ਮੰਤਰੀ ਮਾਨ ਕਰ ਰਹੇ ਹਨ। ਪੰਜਾਬ ਦੇ ਸਾਰੇ ਫੈਸਲੇ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਹੋ ਰਹੇ ਹਨ।
ਬਾਜਵਾ ਨੇ ਕਿਹਾ ਕਿ ਆਰਐੱਸਐੱਸ ਦੀ ਬੀ ਟੀਮ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਅੰਨਾ ਹਜਾਰੇ ਦੇ ਅੰਦੋਲਨ ਤੋਂ ਉਠੀ ਹੈ ਤੇ ਤੁਸੀਂ ਦੇਖ ਸਕਦੇ ਹੋ। ਅੱਜ ਅੰਨਾ ਹਜਾਰੇ ਅੰਦੋਲਨ ਦੇ ਲੋਕ ਭਾਵੇਂ ਉਹ ਬਾਬਾ ਰਾਮਦੇਵ ਹੋਣ, ਕਿਰਨ ਬੇਦੀ ਜਾਂ ਕੁਮਾਰ ਵਿਸ਼ਵਾਸ ਇਹ ਸਾਰੇ ਆਰਐੱਸਐੱਸ ਤੇ ਭਾਜਪਾ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: