ਮੁੱਖ ਮੰਤਰੀ ਭਗਵੰਤ ਮਾਨ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਵਿੱਚ ਕਣਕ ਦੀ ਪਹਿਲੀ ਢੇਰੀ ਆਉਣ ‘ਤੇ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਉਨ੍ਹਾਂ ਕਿਹਾ ਕਿ ਉਂਝ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਜਾਇਜ਼ਾ ਲੈ ਲਿਆ ਗਿਆ ਸੀ ਪਰ ਮੈਂ ਅੱਜ ਖੁਦ ਇਥੇ ਮੰਡੀਆਂ ਦੇ ਪ੍ਰਬੰਧ ਵੇਖਣ ਆਇਆ ਹਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਪੀਣ ਵਾਲੇ ਪਾਣੀ, ਬਾਥਰੂਮ, ਲੇਬਰ ਨੂੰ ਬੈਠਣ ਵਾਲੀ ਜਗ੍ਹਾ ਆਦਿ ਦੀ ਕੋਈ ਮੁਸ਼ਕਲ ਨਾ ਆਏ।
ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬ ਵਿੱਚ 2262 ਮੰਡੀਆਂ ਨੇ ਜਿਨ੍ਹਾਂ ਵਿੱਚ 1862 ਪੱਕੀਆਂ ਤੇ 400 ਮੰਡੀਆਂ ਅਸਥਾਈ ਨੇ ਜੋ ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ। ਇਸ ਵਾਰ 135 ਲੱਖ ਮੀਟਰਕ ਟਣ ਕਣਕ ਉਹ ਆਉਣ ਦੀ ਉਮੀਦ ਹੈ, ਜਿਸ ਵਿੱਚੋਂ 9 ਤੋਂ ਸਾਢੇ 9 ਲੱਖ ਇਕੱਲੇ ਖੰਨਾ ਜ਼ਿਲ੍ਹੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਭੁਗਤਾਨ ਵਿੱਚ, ਬਾਰਦਾਨੇ ਦੀ ਕਮੀ, ਟਰਾਂਸਪੋਰਟ ਜਾਂ ਆਦਿ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਅਸੀਂ ਕਿਸਾਨਾਂ ਨੂੰ ਅੰਨਦਾਤਾ ਕਹਿੰਦੇ ਹਾਂ ਤਾਂ ਉਨ੍ਹਾਂ ਨਾਲ ਦਾਤਾ ਵਾਲਾ ਵਿਹਾਰ ਵੀ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੰਡੀ ਵਿੱਚੋਂ ਇੱਕ-ਇੱਕ ਦਾਣਾ ਕਣਕ ਦਾ ਚੁੱਕਿਆ ਜਾਵੇਗਾ। ਮੈਨੂੰ ਪਤਾ ਲੱਗਾ ਹੈ ਕਿ ਪ੍ਰਾਈਵੇਟ ਆੜ੍ਹਤੀਏ ਐੱਮਐੱਸ.ਪੀ. ਤੋਂ 5 ਰੁਪਏ ਉੱਪਰ ਕਣਕ ਖਰੀਦ ਰਹੇ ਹਨ ਕਿਉਂਕਿ ਯੂਕਰੇਨ ਜੰਗ ਕਰਕੇ ਉਥੇ ਅਨਾਜ ਦੀ ਕਮੀ ਹੋ ਗਈ। ਜੇ ਕੋਈ ਅਜਿਹਾ ਕਰਦਾ ਹੈ ਤਾਂ ਅਸੀਂ ਉਸ ਦੀ ਸ਼ਲਾਘਾ ਕਰਾਂਗੇ, ਉਸ ਨੂੰ ਐਵਾਰਡ ਵੀ ਦੇਵਾਂਗੇ। ਐੱਮ.ਐੱਸ.ਪੀ. ਤੋਂ ਉਪਰ ਕੋਈ ਵੀ ਕਣਕ ਖਰੀਦ ਸਕਦਾ ਹੈ। ਮੰਡੀ ਦਾ ਟੈਕਸ ਮੰਡੀ ਬੋਰਡ ਕੋਲ ਜਾ ਰਿਹਾ ਹੈ। ਸਾਨੂੰ ਟੈਕਸ ਦੇ ਕੇ ਸਾਡੀ ਅਧਿਕਾਰਤ ਮੰਡੀ ਤੋਂ ਫਸਲ ਖਰੀਦਣ ਤਾਂ ਕਿਸਾਨ ਆਪੇ ਖੁਸ਼ ਹੋ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਕਿ 24 ਜਾਂ 48 ਘੰਟੇ ਦੇ ਵਿੱਚ-ਵਿੱਚ ਉਨ੍ਹਾਂ ਦੀ ਪੇਮੈਂਟ ਹੋ ਜਾਏਗੀ। ਅਸੀਂ ਸਾਰੀਆਂ 2262 ਮੰਡੀਆਂ ਦੀ ਮਾਨੀਟਰਿੰਗ ਕਰ ਰਹੇ ਹਾਂ। ਹਰ ਰੋਜ਼ ਰਿਪੋਰਟਾਂ ਲੈ ਰਹੇ ਹਾਂ ਕਿ ਕਿੰਨੀ ਫਸਲ ਆਈ, ਕਿੰਨੀ ਲਿਫਟਿੰਗ ਹੋਈ। ਲਿਫਟਿੰਗ ਲਈ ਜੇ ਟਰਾਂਸਪੋਰਟੇਸ਼ਨ ਘੱਟ ਜਾਂਦੀ ਹੈ ਤਾਂ ਉਸ ਦੇ ਬਦਲ ਵੀ ਅਸੀਂ ਲੱਭੇ ਹੋਏ ਹਨ ਤਾਂਕਿ ਮੰਡੀਆਂ ਓਵਰਫਲੋਅ ਨਾ ਹੋਣ।
ਸੀ.ਐੱਮ. ਮਾਨ ਨੇ ਕਿਹਾ ਕਿ ਅਸੀਂ ਬਾਹਰਲੇ ਸੂਬਿਆਂ ਤੋਂ ਫ਼ਸਲ ਇਥੇ ਆਉਣ ਨਹੀਂ ਦੇਣੀ ਕਿਉਂਕਿ ਬਿਹਾਰ, ਯੂਪੀ ਵਰਗੇ ਬਹੁਤ ਸਾਰੇ ਸੂਬਿਆਂ ਵਿੱਚ ਐੱਮ.ਐੱਸ.ਪੀ. ਨਹੀਂ ਹੈ। ਅਸੀਂ ਇਸ ਨੂੰ ਲੈ ਕੇ ਸਖਤ ਨਿਰਦੇਸ਼ ਦਿੱਤੇ ਨੇ।