ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਚੱਢਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਉਨ੍ਹਾਂ ਗੁਰਦੁਆਰਾ ਸਿੰਘ ਸਭਾ ਵਿਖੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਅਤਿਅੰਤ ਦੁੱਖ ਦੀ ਘੜੀ ‘ਚ ਉਹ ਨਿਜੀ ਤੌਰ ‘ਤੇ ਅਤੇ ਉਨ੍ਹਾਂ ਦੀ ਪਾਰਟੀ ਸਦਾ ਗਗਨਦੀਪ ਸਿੰਘ ਚੱਢਾ ਦੇ ਪਰਿਵਾਰ ਨਾਲ ਖੜ੍ਹੇ ਰਹਿਣਗੇ।
ਗਗਨਦੀਪ ਸਿੰਘ ਚੱਢਾ ਪਿਛਲੇ ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ ਤੋਂ ਪੀੜਤ ਸਨ , ਜਿਨ੍ਹਾਂ ਨੇ ਪਿਛਲੇ ਸਾਲ ਹੀ ਦਿੱਲੀ ਦੇ ਏਮਜ਼ ਹਸਪਤਾਲ ਤੋਂ ਦਿਲ ਦੀ ਸਰਜਰੀ ਕਰਵਾਈ ਸੀ, ਉਨ੍ਹਾਂ ਦੀ 23 ਜੂਨ ਨੂੰ ਮੌਤ ਹੋ ਗਈ ਸੀ।
ਇਸ ਮੌਕੇ ਮੁੱਖ ਮੰਤਰੀ ਨੇ ਗਗਨਦੀਪ ਸਿੰਘ ਚੱਢਾ ਨਾਲ ਆਪਣੀਆਂ ਨਿੱਜੀ ਸਾਂਝਾਂ ਨੂੰ ਯਾਦ ਕਰਦਿਆਂ ਕਿਹਾ ਕਿ ਗਗਨ ਪਾਰਟੀ ਦਾ ਇੱਕ ਸੱਚਾ ਤੇ ਇਮਾਨਦਾਰ ਸਿਪਾਹੀ ਸੀ। ਉਸਦੀ ਬੇਵਕਤੀ ਮੌਤ ਨਾਲ ਇਕੱਲੇ ਚੱਢਾ ਪਰਿਵਾਰ ਨੂੰ ਹੀ ਵੱਡਾ ਘਾਟਾ ਨਹੀਂ ਪਿਆ ਬਲਕਿ ਆਮ ਆਦਮੀ ਪਾਰਟੀ ਵੀ ਇੱਕ ਸਮਰਪਿਤ ਆਗੂ ਤੋਂ ਵਾਂਝੀ ਹੋ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗਗਨਦੀਪ ਚੱਢਾ ਗੰਭੀਰ ਬਿਮਾਰੀ ਦੀ ਹਾਲਤ ‘ਚ ਵੀ ਆਪਣੀ ਪਾਰਟੀ ਅਤੇ ਲੋਕਾਂ ਦੀ ਸੇਵਾ ਨੂੰ ਪਹਿਲ ਦਿੰਦਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮਰਹੂਮ ਚੱਢਾ ਆਮ ਲੋਕਾਂ ਨਾਲ ਜੁੜਿਆ ਹੋਇਆ ਆਗੂ ਸੀ ਅਤੇ ਉਸਦੇ ਮਨ ਵਿੱਚ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਲਈ ਕੁਝ ਕਰ ਗੁਜਰਨ ਦੀ ਤਮੰਨਾ ਸੀ।
ਅੰਤਿਮ ਅਰਦਾਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੁਰਗੇਸ਼ ਪਾਠਕ ਤੇ ਰਾਜੇਸ਼ ਕੁਮਾਰ ਸਣੇ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਪਹੁੰਚੇ ਸਨ।
ਵੀਡੀਓ ਲਈ ਕਲਿੱਕ ਕਰੋ -: