ਦਾਣਾ ਮੰਡੀ ਵਿੱਚ ਪੱਲੇਦਾਰੀ ਕਰਕੇ ਪਰਿਵਾਰ ਪਾਲ ਰਹੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਹੁਣ ਹੋਰ ਪ੍ਰੇਸ਼ਾਨੀ ਨਹੀਂ ਝੱਲਣੀ ਪਏਗੀ। ਹੁਣ ਉਹ ਖੇਡ ਵਿਭਾਗ ਵਿੱਚ ਬਤੌਰ ਕੋਚ ਕੰਮ ਕਰੇਗਾ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਚੰਡੀਗੜ੍ਹ ਬੁਲਾ ਕੇ ਨਿਯੁਕਤੀ ਪੱਤਰ ਸੌਂਪਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪਰਮਜੀਤ ਸਮੇਂ ‘ਤੇ ਹੋਰ ਸਿੱਖਿਆ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਨਿਯਮ ਮੁਤਾਬਕ ਤਰੱਕੀਆਂ ਵੀ ਮਿਲਣਗੀਆਂ।
ਸੀ.ਐੱਮ. ਮਾਨ ਨੇ ਪਰਮਜੀਤ ਨੂੰ ਸੋਮਵਾਰ 6 ਮਾਰਚ ਨੂੰ ਬਠਿੰਡਾ ਵਿੱਚ ਕੋਚ ਵਜੋਂ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਰਮਜੀਤ ਨੇ ਪਿਛੇਲ ਸਮੇਂ ਵਿੱਚ ਕਈ ਨੈਸ਼ਨਲ ਲੈਵਲ ਦੇ ਮੁਕਾਬਲਿਆਂ ਵਿੱਚ ਸੂਬੇ ਦੀ ਨੁਮਾਇੰਦਗੀ ਕੀਤੀ ਸੀ। ਬਦਕਿਸਮਤੀ ਨਾਲ ਪਰਮਜੀਤ ਕੁਮਾਰ ਜ਼ਖਮੀ ਹੋ ਗਿਆ, ਜਿਸ ਕਰਕੇ ਉਸ ਨੂੰ ਮੈਦਾਨ ਛੱਡਣਾ ਪਿਆ।
ਮੁੱਖ ਮੰਤਰੀ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਦੀ ਲਾਪਰਵਾਹੀ ਕਰਕੇ ਇਸ ਪ੍ਰਤਿਭਾਵਾਨ ਹਾਕੀ ਖਿਡਾਰੀ ਨੂੰ ਅਨਾਜ ਮੰਡੀ ਵਿੱਚ ਪੱਲੇਦਾਰੀ ਵਜੋਂ ਕੰਮ ਕਰਨਾ ਪੈ ਰਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੀਡੀਆ ਵੱਲੋਂ ਇਸ ਹਾਕੀ ਖਿਡਾਰੀ ਦੀ ਮਾੜੀ ਹਾਲਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਬੁਲਾ ਕੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਹੁਣ ਪਰਮਜੀਤ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਗਿਆ ਹੈ ਤੇ ਉਹ ਸੋਮਵਾਰ ਨੂੰ ਬਠਿੰਡਾ ਵਿੱਚ ਜੁਆਇਨ ਕਰ ਲਏਗਾ। ਦੂਜੇ ਪਾਸੇ, ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਪਰਮਜੀਤ ਆਪਣੇ ਹੁਨਰ ਅਤੇ ਮੁਹਾਰਤ ਨਾਲ ਹੁਣ ਕਈ ਖਿਡਾਰੀ ਪੈਦਾ ਕਰੇਗਾ, ਜੋਕਿ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸੂਬੇ ਤੇ ਦੇਸ਼ ਦਾ ਨਾਂ ਰੋਸ਼ਨ ਕਰਨਗੇ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਘਰ ਰਾਤ ਰੁਕੇ ਗੁਰਦਾਸ ਮਾਨ, ਭੂੰਜੇ ਬਹਿ ਖਾਧੀ ਰੋਟੀ, ਸਿੱਧੂ ਦੀ ਫੋਟੋ ਲਾਈ ਗਲ
ਇਸ ਦੌਰਾਨ ਪਰਮਜੀਤ ਕੁਮਾਰ ਨੇ ਮੁੱਖ ਮੰਤਰੀ ਦਾ ਇਸ ਕਦਮ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ ਕਿ ਕਿਸੇ ਮੁੱਖ ਮੰਤਰੀ ਨੇ ਅਜਿਹਾ ਇਤਿਹਾਸਕ ਫੈਸਲਾ ਲਿਆ ਹੈ। ਉਸ ਨੇ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਮਾਨ ਦੇ ਕਾਰਜਕਾਲ ਦੌਰਾਨ ਪੰਜਾਬ ਬੁਲੰਦੀਆਂ ਨੂੰ ਛੂਹੇਗਾ। ਉਸ ਨੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਕੋਸ਼ਿਸ਼ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: