ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਮੰਤਰੀ ਆਰ.ਕੇ.ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮੰਗ ਕੀਤੀ ਕਿ ਆਰ.ਐਸ.ਆਰ ਦੀ ਬਜਾਏ ਸਿੱਧੇ ਰੇਲਵੇ ਤੋਂ ਕੋਲੇ ਦੀ ਸਪਲਾਈ ਕੀਤੀ ਜਾਵੇ ਅਤੇ ਪਚਵਾਰਾ ਵਿੱਚ ਕੋਲੇ ਦੀ ਮਾਈਨਿੰਗ ਨੂੰ ਪ੍ਰਾਈਵੇਟ ਪਲਾਟਾਂ ਨੂੰ ਦੇਣ ‘ਤੇ ਰਾਇਲਟੀ ਦੀ ਸ਼ਰਤ ਹਟਾਈ ਜਾਵੇ ਤਾਂ ਜੋ ਲੋਕਾਂ ‘ਤੇ ਵਾਧੂ ਬੋਝ ਨਾ ਪਵੇ। ਇਸ ਦੇ ਨਾਲ ਹੀ ਬੀ.ਬੀ.ਐਮ.ਬੀ. ਵਿੱਚ ਪੰਜਾਬ ਦੇ ਮੈਂਬਰਾਂ ਦੀ ਗਿਣਤੀ ਦੇ ਮੁੱਦੇ ‘ਤੇ ਵੀ ਸਮਝੌਤਾ ਹੋਇਆ।
ਸੀ.ਐੱਮ. ਮਾਨ ਨੇ ਕੇਂਦਰੀ ਬਿਜਲੀ ਨੂੰ ਭਾਰਤ ਸਰਕਾਰ ਦੇ ਫੈਸਲੇ ਦੀ ਸਮੀਖਿਆ ਕਰਨ ਅਤੇ ਸੂਬੇ ਨੂੰ ਮੌਜੂਦਾ ‘ਰੇਲ-ਸਮੁੰਦਰੀ ਜਹਾਜ਼-ਰੇਲ`(ਆਰ.ਐਸ.ਆਰ.) ਦੀ ਬਜਾਏ ਸਿੱਧਾ ਰੇਲ ਰਾਹੀਂ ਕੋਲੇ ਦੀ 100 ਫੀਸਦੀ ਸਪਲਾਈ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.) ਕੋਲ ਐਮ.ਸੀ.ਐਲ./ਤਲਚਰ ਤੋਂ 67.20 ਲੱਖ ਮੀਟਰਿਕ ਟਨ ਕੋਲੇ ਦੀ ਲਿੰਕੇਜ਼ ਹੈ। ਉਨ੍ਹਾਂ ਕਿਹਾ ਕਿ ਇਸ ਐਡਵਾਈਜ਼ਰੀ ਮੁਤਾਬਕ ਤਕਰੀਬਨ 12-13 ਲੱਖ ਮੀਟਰਿਕ ਟਨ ਕੋਲਾ ਆਰ.ਐਸ.ਆਰ. ਮਾਧਿਅਮ ਰਾਹੀਂ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਆਰ.ਐਸ.ਆਰ. ਮਾਧਿਅਮ ਰਾਹੀਂ ਕੋਲੇ ਦੇ ਪਹੁੰਚ ਮੁੱਲ ਵਿੱਚ ਤਕਰੀਬਨ 1600 ਰੁਪਏ ਪ੍ਰਤੀ ਮੀਟਰਿਕ ਟਨ ਦਾ ਵੱਡਾ ਵਾਧਾ ਹੋਵੇਗਾ, ਜਿਸ ਨਾਲ ਹਰ ਸਾਲ ਤਕਰੀਬਨ 200 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਝੱਲਣਾ ਪਵੇਗਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 1400 ਕਿਲੋਮੀਟਰ ਤੋਂ ਜ਼ਿਆਦਾ ਦੂਰ ਸਥਿਤ ਤਾਪ ਬਿਜਲੀ ਘਰਾਂ ਨੂੰ ਰੇਲਵੇ ਵੱਲੋਂ ਕਿਰਾਏ ਵਿੱਚ ਦਿੱਤੀ ਰਾਹਤ 31 ਦਸੰਬਰ 2021 ਵਿੱਚ ਖ਼ਤਮ ਹੋਣ ਮਗਰੋਂ ਵਧਾਈ ਨਹੀਂ ਗਈ, ਜਿਸ ਦੇ ਨਤੀਜੇ ਵਜੋਂ ਰੇਲਵੇ ਦੇ ਕਿਰਾਏ ਵਿੱਚ ਇਕਦਮ ਵਾਧਾ ਹੋਇਆ।
ਉਨ੍ਹਾਂ ਕਿਹਾ ਕਿ ਆਰ.ਐਸ.ਆਰ. ਮਾਧਿਅਮ ਰਾਹੀਂ ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਘਰੇਲੂ ਕੋਲੇ ਦੀ ਟਰਾਂਸਪੋਰਟੇਸ਼ਨ ਲਾਹੇਵੰਦ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਪੰਜਾਬ ਦੇ ਲੋਕਾਂ ਉਤੇ ਬਿਜਲੀ ਦਰਾਂ ਦਾ ਬੋਝ ਵਧੇਗਾ। ਉਨ੍ਹਾਂ ਕਿਹਾ ਕਿ ਜੇ ਰੇਲਵੇ ਕੋਲ ਢੁਆਈ ਲਈ ਢੁਕਵੇਂ ਰੈਕਾਂ ਲਾਉਣ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਹੈ ਤਾਂ ਇਸ ਦਾ ਬੋਝ ਸਾਰੇ ਸੂਬਿਆਂ ਨੂੰ ਬਰਾਬਰ ਚੁੱਕਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਭੋਂਡਸੀ ਜੇਲ੍ਹ ‘ਚ ਖ਼ੂਨ-ਖ਼ਰਾਬਾ, ਲਾਰੈਂਸ ਦੇ ਗੁਰਗਿਆਂ ਨੇ ਮਿੱਡੂਖੇੜਾ ਕਤਲਕਾਂਡ ‘ਚ ਸ਼ਾਮਲ ਸ਼ੂਟਰ ਕੁੱਟਿਆ
ਇਸ ਦੌਰਾਨ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਕੋਲ ਰਾਜ ਦੇ ਕੋਟੇ ਵਿੱਚੋਂ ਬੀਬੀਐਮਬੀ ਵਿੱਚ ਮੈਂਬਰ ਪਾਵਰ ਨਿਯੁਕਤ ਕਰਨ ਦਾ ਮੁੱਦਾ ਵੀ ਉਠਾਇਆ। ਦੋਵੇਂ ਆਗੂ ਬੀਬੀਐਮਬੀ ਦੇ ਮਾਮਲਿਆਂ ਨੂੰ ਸੁਚਾਰੂ ਬਣਾਉਣ ਲਈ ਜਲਦੀ ਤੋਂ ਜਲਦੀ ਮੈਂਬਰ ਨਿਯੁਕਤ ਕਰਨ ਲਈ ਵੀ ਸਹਿਮਤ ਹੋਏ। ਉਨ੍ਹਾਂ ਇਸ ਗੱਲ ‘ਤੇ ਵੀ ਰਜ਼ਾਮੰਦੀ ਪ੍ਰਗਟਾਈ ਕਿ ਮੈਂਬਰ ਦੀ ਨਿਯੁਕਤੀ ਦੀ ਸਮੁੱਚੀ ਪ੍ਰਕਿਰਿਆ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ।
ਇਕ ਹੋਰ ਮਸਲਾ ਚੁੱਕਦਿਆਂ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਪੰਜਾਬ ਨੂੰ ਆਪਣੀ ਨਿਰਧਾਰਤ ਪਛਵਾੜਾ ਖਾਣ ਦਾ ਕੋਲਾ 50 ਫੀਸਦੀ ਟਰਾਂਸਫਰ ਹੱਦ ਅਤੇ ਰਾਇਲਟੀ ਤੋਂ ਬਗੈਰ ਦੋਵਾਂ ਟੀ.ਐਸ.ਪੀ.ਐਲ. ਅਤੇ ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.) ਲਈ ਵਰਤਣ ਦੀ ਮਨਜ਼ੂਰੀ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: