ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਮੈਂ ਸਿੱਧੂ ਮੂਸੇਵਾਲਾ ਦੇ ਘਿਨਾਉਣੇ ਕਤਲ ਨਾਲ ਸਦਮੇ ਵਿੱਚ ਹਾਂ ਅਤੇ ਬਹੁਤ ਦੁਖੀ ਹਾਂ। ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਉਸਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਉਸਦੇ ਪ੍ਰਸ਼ੰਸਕਾਂ ਦੇ ਨਾਲ ਹਨ। ਮੈਂ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਿੱਧੂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ‘ਸਿੱਧੂ ਦੇ ਇਸ ਦਰਦਨਾਕ ਕਤਲ ਦਾ ਮੈਨੂੰ ਬਹੁਤ ਗਹਿਰਾ ਦੁੱਖ ਹੋਇਆ ਹੈ। ਸਿੱਧੂ ਮੂਸੇਵਾਲਾ ਨੇ ਸਾਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ। ਉਹ ਮੇਰੇ ਲਈ ਕੋਈ ਗਾਇਕ ਜਾਂ ਲੀਡਰ ਨਹੀਂ ਸਗੋਂ ਇੱਕ ਭਰਾ ਅਤੇ ਮੇਰਾ ਦੋਸਤ ਸੀ।ਪੰਜਾਬ ਨੇ ਇਹ ਬਦਲਾਵ ਨਹੀਂ ਸੀ ਚਾਹਿਆ ਜਿਹੜਾ ਅੱਜ ਸਾਨੂੰ ਦੇਖਣਾ ਪੈ ਗਿਆ।’
ਦੱਸ ਦੇਈਏ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਏਕੇ-47 ਨਾਲ ਸਿੱਧੂ ਮੂਸੇਵਾਲਾ ‘ਤੇ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਸਿਰਫ 28 ਸਾਲ ਦੀ ਉਮਰ ਵਿਚ ਹੋਈ ਮੌਤ ‘ਤੇ ਵੱਖ-ਵੱਖ ਸ਼ਖਸੀਅਤਾਂ ਨੇ ਦੁੱਖ ਪ੍ਰਗਟਾਇਆ ਹੈ ਤੇ ਨਾਲ ਹੀ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ‘ਤੇ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਗੰਨਮੈਨ ਸਨ ਪਰ ਮਾਨ ਸਰਕਾਰ ਨੇ ਉਨ੍ਹਾਂ ਕੋਲ ਸਿਰਫ 2 ਹੀ ਗੰਨਮੈਨ ਛੱਡੇ ਸਨ। ਸ਼ੁਰੂਆਤੀ ਸੂਚਨਾ ਮੁਤਾਬਕ ਸਿੱਧੂ ਮੂਸੇਵਾਲਾ ਸਾਥੀਆਂ ਨਾਲ ਗੱਡੀ ਵਿਚ ਜਾ ਰਹੇ ਸਨ। ਇਸੇ ਦੌਰਾਨ ਕਾਲੇ ਰੰਗ ਦੀ ਗੱਡੀ ਵਿਚ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕੀਤੀ ਹੈ। ਘਰ ਤੋਂ ਲਗਭਗ 5 ਕਿਲੋਮੀਟਰ ਦੂਰ ਜਾਣ ‘ਤੇ ਹੀ ਮੂਸੇਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਸ ਸਮੇਂ ਮੂਸੇਵਾਲਾ ਖੁਦ ਥਾਰ ਗੱਡੀ ਡਰਾਈਵ ਕਰ ਰਹੇ ਸਨ।
ਸਿੱਧੂ ਮੂਸੇਵਾਲਾ ਨੇ ਕੱਲ੍ਹ ਹੀ ਆਪਣੇ ਵਕੀਲ ਨਾਲ ਗੱਲ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਜਾਨ ਦਾ ਖਤਰਾ ਦੱਸਿਆ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਅਚਾਨਕ ਬਿਨਾਂ ਕੋਈ ਨੋਟਿਸ ਦਿੱਤੇ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਹੈ। ਇਸ ਲਈ ਕੋਈ ਦੂਜਾ ਇੰਤਜ਼ਾਮ ਕਰਨਾ ਹੋਵੇਗਾ।