ਰੋਪੜ ਦਾ ਸਰਕਾਰੀ ਸਕੂਲ ਹੁਣ ਨੀਲਾਮ ਨਹੀਂ ਹੋਵੇਗਾ। ਸੀ.ਐੱਮ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਹੁਕਮਾਂ ਤੋਂ ਬਾਅਦ ਪਾਵਰਕਾਮ ਨੇ ਇਹ ਨੀਲਾਮੀ ਰੱਦ ਕਰ ਦਿੱਤੀ ਹੈ। ਪਾਵਰਕਾਮ ਨੇ ਪਹਿਲਾਂ ਜਾਰੀ ਕੀਤੇ ਗਏ ਇਸ਼ਤਿਹਾਰ ਨੂੰ ਵਾਪਿਸ ਲੈ ਲਿਆ ਹੈ।
ਦੱਸ ਦੇਈਏ ਕਿ ਸਕੂਲ ਦੀ ਨੀਲਾਮੀ ਨੂੰ ਲੈ ਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਐਜੂਕੇਸ਼ਨ ਮਾਡਲ ‘ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਅਕਾਲੀ ਨੇਤਾ ਤੇ ਸਿੱਖਿਆ ਮੰਤਰੀ ਨੇ ਸੀ.ਐੱਮ. ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਸਕੂਲ ਨੂੰ ਨਵੇਂ ਸਿਰੇ ਤੋਂ ਚਾਲੂ ਕਰਕੇ ਪੜ੍ਹਾਈ ਸ਼ੁਰੂ ਕਰਵਾਈ ਜਾਵੇ।
26 ਮਾਰਚ ਨੂੰ ਪਾਵਰਕਾਮ ਨੇ ਰੋਪੜ ਦੀ ਥਰਮਲ ਕਾਲੋਨੀ ਸਥਿਤ ਸਕੂਲ ਨੂੰ ਨੀਲਾਮ ਕਰਨ ਲਈ ਵਿਗਿਆਪਨ ਦਿੱਤਾ ਸੀ। ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਆਮ ਆਦਮੀ ਪਾਰਟੀ ‘ਤੇ ਸਵਾਲ ਖੜ੍ਹੇ ਹੋਣ ਲੱਗ ਗਏ ਸਨ। ਉਨ੍ਹਾਂ ਦੀ ਪਾਰਟੀ ਸਿੱਖਿਆ ਦੇ ਮੁੱਦੇ ‘ਤੇ ਹੀ ਸਰਕਾਰ ਵਿੱਚ ਆਈ ਸੀ। ਅਕਾਲੀ ਦਲ ਨੇ ਇਸ ਨੂੰ ਲੈ ਕੇ ਹਮਲਾਵਰ ਰੁਖ਼ ਅਪਣਾਇਆ।
ਆਮ ਆਦਮੀ ਪਾਰਟੀ ਨੇ ਪਹਿਲਾਂ ਸਕੂਲ ਦੀ ਨੀਲਾਮੀ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਾਨੂੰਨ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਸਕੂਲ ਦੇ ਬੱਚਿਆਂ ਨੂੰ 6 ਮਹੀਨੇ ਪਹਿਲਾਂ ਦੂਜੇ ਸਕੂਲ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਕੂਲ ਦੀ ਬਿਲਡਿੰਗ ਦੀ ਨੀਲਾਮੀ ਦੀ ਪ੍ਰਕਿਰਿਆ ਵੀ ਕਾਂਗਰਸ ਸਰਕਾਰ ਦੇ ਵੇਲੇ ਸ਼ੁਰੂ ਹੋਈ। ਇਸ ‘ਤੇ ਵਿਰੋਧੀ ਧਿਰ ਨੇ ਸਵਾਲ ਖੜ੍ਹੇ ਕੀਤੇ ਕਿ ਹੁਣ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹ ਨੀਲਾਮੀ ਕਿਉਂ ਨਹੀਂ ਰੋਕਦੀ, ਜਿਸ ਤੋਂ ਬਾਅਦ ਸਕੂਲ ਦੀ ਨੀਲਾਮੀ ਰੱਦ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: