ਮਿਗ-21 ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਵਿੰਗ ਕਮਾਂਡਰ ਮੋਹਿਤ ਰਾਣਾ ਦਾ ਅੱਜ ਸੈਕਟਰ-25 ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਪਤਨੀ ਅਤੇ ਭਤੀਜੇ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ 3 ਸਾਲ ਦੀ ਬੱਚੀ ਛੱਡ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੰਤਿਮ ਰਸਮਾਂ ਮੌਕੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟਾਈ ਅਤੇ ਪ੍ਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਦੀ ਅਰਦਾਸ ਕੀਤੀ।
ਏਅਰਪੋਰਸ ਦੇ ਜਵਾਨ ਅਤੇ ਵਿੰਗ ਕਮਾਂਡਰ ਮੋਹਿਤ ਰਾਣਾ ਦਾ ਪੂਰਾ ਪਰਿਵਾਰ, ਰਿਸ਼ਤੇਦਾਰ ਅਤੇ ਜਾਣਕਾਰ ਵੀ ਅੱਜ ਹਿਮਾਚਲ ਪ੍ਰਦੇਸ਼ ਤੋਂ ਸ਼ਮਸ਼ਾਨਘਾਟ ਵਿਖੇ ਪਹੁੰਚੇ ਸਨ। ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰੁਝੇਵਿਆਂ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਧਿਕਾਰੀ ਵਿੰਗ ਕਮਾਂਡਰ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਦਾ ਹੌਸਲਾ ਵਧਾਉਣ ਲਈ ਨਹੀਂ ਪਹੁੰਚ ਸਕੇ।
ਹਵਾਈ ਸੈਨਾ ਦੇ ਜਵਾਨਾਂ ਨੇ ਵਿੰਗ ਕਮਾਂਡਰ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੇ ਟਰੱਕ ਵਿੱਚ ਤਿਰੰਗੇ ਨਾਲ ਢਕੇ ਤਾਬੂਤ ਵਿੱਚ ਲਿਆਂਦਾ ਗਿਆ ਸੀ। ਇਸ ਦੌਰਾਨ ਉਸ ਦੀ ਪਤਨੀ ਦੀ ਗੋਦ ਵਿੱਚ ਕਰੀਬ 3 ਸਾਲ ਦੀ ਬੱਚੀ ਵੀ ਸੀ। ਮੋਹਿਤ ਰਾਣਾ ਦੀ ਮੌਤ ‘ਤੇ ਪਰਿਵਾਰ ਅਤੇ ਰਿਸ਼ਤੇਦਾਰ ਦੁਖੀ ਸਨ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਜਜ਼ਬੇ ‘ਤੇ ਮਾਣ ਵੀ ਸੀ।
ਜਿਵੇਂ ਹੀ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਨੂੰ ਤਿਰੰਗੇ ‘ਚ ਲਿਆਇਆ ਗਿਆ ਤਾਂ ਸ਼ਮਸ਼ਾਨਘਾਟ ‘ਮੋਹਿਤ ਰਾਣਾ ਅਮਰ ਰਹੇ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਮੋਹਿਤ ਰਾਣਾ ਦੇ ਮਾਤਾ-ਪਿਤਾ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਕਰਨਲ (ਆਰ.) ਓਮ ਪ੍ਰਕਾਸ਼ ਰਾਣਾ ਨੇ ਵੀ ਫੁੱਲ ਭੇਟ ਕੀਤੇ ਅਤੇ ਪੁੱਤਰ ਨੂੰ ਸਲਾਮੀ ਦਿੱਤੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਗੰਨਾ ਕਿਸਾਨਾਂ ਨੂੰ 100 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ
ਮੋਹਿਤ ਦੇ ਪਿਤਾ ਨੇ ਦੱਸਿਆ ਕਿ ਮੋਹਿਤ ਦਾ ਬਚਪਨ ਤੋਂ ਹੀ ਫਾਈਟਰ ਪਾਇਲਟ ਬਣਨ ਦਾ ਸੁਪਨਾ ਸੀ। ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ਅਤੇ ਉਸ ਵੱਲੋਂ ਦੇਸ਼ ਪ੍ਰਤੀ ਨਿਭਾਈਆਂ ਸੇਵਾਵਾਂ ‘ਤੇ ਮਾਣ ਹੈ। ਮੋਹਿਤ ਰਾਣਾ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਤੋਂ ਪਾਸ ਆਊਟ ਹੈ। ਉਹ ਦਸੰਬਰ 2005 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: