ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 31 ਮਈ ਤੱਕ ਦਾ ਦਿੱਤਾ ਗਿਆ ਅਲਟੀਮੇਟਮ ਅੱਜ ਖਤਮ ਹੋ ਗਿਆ ਹੈ। ਸੀ.ਐੱਮ. ਮਾਨ ਨੇ ਚੰਨੀ ‘ਤੇ ਖਿਡਾਰੀ ਨੂੰ ਨੌਕਰੀ ਦੇਣ ਦੇ ਨਾਂ ‘ਤੇ 2 ਕਰੋੜ ਰੁਪਏ ਮੰਗਣ ਦੇ ਮਾਮਲੇ ‘ਚ 31 ਮਈ ਤੱਕ ਦਾ ਸਮਾਂ ਦਿੱਤਾ ਸੀ।
ਉਨ੍ਹਾਂ ਕਿਹਾ ਸੀ ਕਿ ਆਪਣੇ ਭਤੀਜੇ ਨਾਲ ਗੱਲ ਕਰਕੇ ਉਹ ਖੁਦ ਸਾਰੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖਣ, ਜੇ ਅਜਿਹਾ ਨਾ ਹੋਇਆ ਤਾਂ ਉਹ ਖੁਦ ਹੀ ਇਸ ਖਿਡਾਰੀ ਨੂੰ ਪੇਸ਼ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੂਰੀ ਸੱਚਾਈ ਲਿਆਉਣਗੇ।
ਸੀ.ਐੱਮ. ਮਾਨ ਨੇ ਅੱਜ ਬੁੱਧਵਾਰ ਨੂੰ ਮੀਡੀਆ ਸਾਹਮਣੇ ਉਸ ਕ੍ਰਿਕਟਰ ਨੂੰ ਪੇਸ਼ ਕੀਤਾ, ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਕ੍ਰਿਕਟਰ ਦਾ ਨਾਂ ਜਸਇੰਦਰ ਸਿੰਘ ਹੈ। ਇਸ ਦੌਰਾਨ ਜਸਇੰਦਰ ਦੇ ਨਾਲ ਉਸ ਦੇ ਪਿਤਾ ਮਨਜਿੰਦਰ ਸਿੰਘ ਵੀ ਸਨ।
ਕੁਝ ਦਸਤਾਵੇਜ਼ ਪੇਸ਼ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਚੰਨੀ ਦੇ ਭਤੀਜੇ ਜਸ਼ਨ ਨੇ ਕ੍ਰਿਕਟਰ ਜਸਇੰਦਰ ਸਿੰਘ ਤੋਂ ਨੌਕਰੀ ਦੇ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਗੁਰਦੁਆਰੇ ‘ਚ ਸਫਾਈ ਕਰਨ ਗਏ ਚੰਨੀ ਨੂੰ ਇਕ ਵਾਰ ਫਿਰ ਆਪਣੇ ਭਤੀਜੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਪੈਸੇ ਮੰਗੇ ਸਨ ਜਾਂ ਨਹੀਂ?
ਕ੍ਰਿਕਟਰ ਜਸਇੰਦਰ ਸਿੰਘ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਹੈ। 19 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਆਈਪੀਐਲ ਮੈਚ ਦੇਖਣ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਨੇ ਪੂਰਾ ਘਟਨਾਕ੍ਰਮ ਦੱਸਿਆ ਸੀ। ਹਿਮਾਚਲ ਤੋਂ ਪੰਜਾਬ ਪਹੁੰਚਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਸੀ ਕਿ ਚੰਨੀ ਨੂੰ ਖੁਦ ਅੱਗੇ ਆ ਕੇ ਸਭ ਕੁਝ ਕਬੂਲ ਕਰਨਾ ਚਾਹੀਦਾ ਹੈ। ਇਸ ਦੇ ਜਵਾਬ ਵਿੱਚ ਚੰਨੀ ਨੇ ਭਗਵੰਤ ਮਾਨ ਦੇ ਦਾਅਵੇ ਨੂੰ ਝੂਠਾ ਦੱਸਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਜੋ ਵੀ ਕਹਿੰਦੇ ਹਾਂ, ਉਹ ਤੱਥਾਂ ਦੇ ਆਧਾਰ ‘ਤੇ ਕਹਿੰਦੇ ਹਾਂ। ਹੁਣ ਚੰਨੀ ਨੂੰ ਅੱਗੇ ਆ ਕੇ ਜਵਾਬ ਦੇਣਾ ਚਾਹੀਦਾ ਹੈ। ਮੀਡੀਆ ਨੂੰ ਕ੍ਰਿਕਟਰ ਜਸਇੰਦਰ ਅਤੇ ਚੰਨੀ ਦੀ ਮੁਲਾਕਾਤ ਦੀ ਫੋਟੋ ਦਿਖਾਉਂਦੇ ਹੋਏ ਮਾਨ ਨੇ ਕਿਹਾ ਕਿ ਹੁਣ ਚੰਨੀ ਨੂੰ ਖੁਦ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਉਹੀ ਹਨ ਜਾਂ ਕੋਈ ਹੋਰ?
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਹ ਮਾਮਲਾ ਪਹਿਲੀ ਵਾਰ ਉਠਾਇਆ ਸੀ ਤਾਂ ਚੰਨੀ ਨੇ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸਪੱਸ਼ਟੀਕਰਨ ਦਿੱਤਾ ਅਤੇ ਫਿਰ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਉਹ ਕਦੇ ਕਿਸੇ ਖਿਡਾਰੀ ਜਾਂ ਉਸ ਦੇ ਪਰਿਵਾਰ ਨੂੰ ਨਹੀਂ ਮਿਲੇ। ਇਨ੍ਹਾਂ ਤਸਵੀਰਾਂ ਨੇ ਚੰਨੀ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ।
ਪ੍ਰੈੱਸ ਕਾਨਫਰੰਸ ‘ਚ ਮੁੱਖ ਮੰਤਰੀ ਨਾਲ ਮੌਜੂਦ ਕ੍ਰਿਕਟਰ ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਾਲੀ ‘ਚ 9 ਨਵੰਬਰ 2021 ਨੂੰ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ 10 ਮਿੰਟ ਦੀ ਮੀਟਿੰਗ ਹੋਈ ਸੀ। ਉਦੋਂ ਚੰਨੀ ਦੇ ਨਾਲ ਤਤਕਾਲੀ ਡਿਪਟੀ ਸੀਐਮ ਓਪੀ ਸੋਨੀ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਸਨ। ਭਗਵੰਤ ਮਾਨ ਨੇ ਮਨਜਿੰਦਰ ਸਿੰਘ ਤੇ ਚੰਨੀ ਵਿਚਾਲੇ ਹੋਈ ਮੀਟਿੰਗ ਦੀ ਫੋਟੋ ਤੋਂ ਇਲਾਵਾ ਮੀਡੀਆ ਨੂੰ ਉਸ ਦਿਨ ਦੇ ਪ੍ਰੋਗਰਾਮ ਦਾ ਸੱਦਾ ਪੱਤਰ ਵੀ ਦਿਖਾਇਆ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ, ਧਾਲੀਵਾਲ ਤੋਂ ਖੇਤੀਬਾੜੀ ਵਿਭਾਗ ਲੈ ਨਵੇਂ ਮੰਤਰੀ ਖੁੱਡੀਆਂ ਨੂੰ ਮਿਲੀ ਜ਼ਿੰਮੇਵਾਰੀ
ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਚੰਨੀ ਦੇ ਭਤੀਜੇ ਜਸ਼ਨ ਨੂੰ ਦੋ ਲੱਖ ਰੁਪਏ ਦੇਣ ਲਈ ਮਿਲਿਆ ਤਾਂ ਜਸ਼ਨ ਨੇ ਕਿਹਾ ਕਿ ਉਹ ਗੱਡੀ ਵਿੱਚ ਚੱਲ ਕੇ ਹਿਸਾਬ ਕਰਦੇ ਹਨ। ਇਸ ‘ਤੇ ਮੈਂ ਕਿਹਾ ਕਿ ਪੈਸੇ ਤਾਂ ਮੇਰੀ ਜੇਬ ‘ਚ ਹੀ ਹਨ। ਇਹ ਸੁਣ ਕੇ ਜਸ਼ਨ ਨੇ ਪੁੱਛਿਆ ਕਿ ਕਿੰਨੇ ਹਨ ਤਾਂ ਮੈਂ ਦੱਸਿਆ ਕਿ ਇਹ 2 ਲੱਖ ਰੁਪਏ ਹੈ।
ਮਨਜਿੰਦਰ ਮੁਤਾਬਕ ਮੇਰੀ ਗੱਲ ਸੁਣ ਕੇ ਜਸ਼ਨ ਕਮਰੇ ਵਿੱਚ ਬੈਠੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਲਈ ਚਲਾ ਗਿਆ। ਮੈਂ ਕੁਝ ਲੋਕਾਂ ਨਾਲ ਉਸ ਦੇ ਦਫ਼ਤਰ ਦੇ ਬਾਹਰ ਖੜ੍ਹਾ ਸੀ। ਥੋੜੀ ਦੇਰ ਬਾਅਦ ਚੰਨੀ ਖੁਦ ਕਮਰੇ ਤੋਂ ਬਾਹਰ ਆ ਗਏ ਅਤੇ ਮੈਨੂੰ ਸਾਰਿਆਂ ਦੇ ਸਾਹਮਣੇ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ। ਚੰਨੀ ਕਹਿ ਰਹੇ ਸੀ ਕਿ ਤੇਰਾ ਮੁੰਡਾ ਕਿਹੜਾ ਓਲੰਪਿਕ ਮੈਡਲ ਲੈ ਕੇ ਆਇਆ ਹੈ? ਮੁੱਖ ਮੰਤਰੀ ਦੇ ਮੂੰਹੋਂ ਅਜਿਹੇ ਨਿੰਦਣਯੋਗ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਿਆ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਉਸ ਸਮੇਂ ਮੌਕੇ ‘ਤੇ ਮੌਜੂਦ ਸਨ। ਇਹ ਸਭ ਉਨ੍ਹਾਂ ਦੇ ਸਾਹਮਣੇ ਹੋਇਆ। ਇਸ ਬਾਰੇ ਉਨ੍ਹਾਂ ਤੋਂ ਵੀ ਪੁੱਛਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: