ਹਮੀਰਪੁਰ ਵਿੱਚ ਸ਼ਨੀਵਾਰ ਨੂੰ ਇੱਕ ਸਿੱਖਿਆ ਸੰਵਾਦ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਪਹੁੰਚੇ ਮੁੱਖ ਮੰਤੀਰ ਭਗਵੰਤ ਮਾਨ ਨੇ ਕਾਂਗਰਸ ਅਤੇ ਭਾਜਪਾ ‘ਤੇ ਹਮਲਾ ਬੋਲਿਆ।
CM ਮਾਨ ਨੇ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਨੂੰ 200 ਸਾਲ ਗੁਲਾਮ ਬਣਾਇਆ ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਨੇ ਸਾਨੂੰ ਪੰਜ-ਪੰਜ ਸਾਲ ਗੁਲਾਮ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਨੇ ਜਨਤਾ ਦੀ ਦੌਲਤ ਨੂੰ ਲੁੱਟਣ ਲਈ ਇੱਕ-ਦੂਜੇ ਨਾਲ ਦੋਸਤਾਨਾ ਮੈਚ ਖੇਡਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੰਗਰੇਜ਼ਾਂ ਵਾਂਗ ਉਨ੍ਹਾਂ ਨੇ ਵੀ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਪਰ ਲੋਕਾਂ ਕੋਲ ਉਨ੍ਹਾਂ ਨੂੰ ਵਾਰ-ਵਾਰ ਚੁਣਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪਰ ਹੁਣ ‘ਆਪ’ ਦੇ ਰੂਪ ‘ਚ ਲੋਕਾਂ ਨੂੰ ਦੇਸ਼ ‘ਚ ਬਦਲਾਅ ਦਾ ਇਕ ਮੌਕਾ ਮਿਲਿਆ ਹੈ ਅਤੇ ਲੋਕ ‘ਆਪ’ ਨੂੰ ਚੁਣ ਕੇ ਭਾਜਪਾ ਤੇ ਕਾਂਗਰਸ ਨੂੰ ਨਕਾਰ ਰਹੇ ਹਨ।
ਸੀ.ਐੱਮ. ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਤੋਂ ਸ਼ੁਰੂ ਹੋਈ ਤਬਦੀਲੀ ਦੀ ਹਨੇਰੀ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਹੁਣ ਇਹ ਪੂਰੇ ਦੇਸ਼ ਵਿੱਚ ਹੂੰਝਾ ਫੇਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ‘ਆਪ’ ਹਿਮਾਚਲ ਪ੍ਰਦੇਸ਼ ‘ਚ ਤੂਫਾਨ ਲਿਆਉਣ ਲਈ ਤਿਆਰ ਹੈ ਅਤੇ ਕਾਂਗਰਸ ਅਤੇ ਭਾਜਪਾ ਨੂੰ ਪਹਾੜੀ ਸੂਬੇ ‘ਚੋਂ ਬਾਹਰ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇੱਕ ਨਵਾਂ ਅਤੇ ਖੁਸ਼ਹਾਲ ਹਿਮਾਚਲ ਬਣਾਉਣ ਲਈ ਕਾਂਗਰਸ ਅਤੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ।
ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਸੀ.ਐੱਮ. ਮਾਨ ਨੇ ਕਿਹਾ ਕਿ 50 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਨਹਿਰੂ-ਗਾਂਧੀ ਪਰਿਵਾਰ ਦਾ ਵੰਸ਼ਜ ਅੱਜ ਵੀ ਨੌਜਵਾਨ ਆਗੂ ਹੈ। ਉਨ੍ਹਾਂ ਕਿਹਾ ਕਿ 37 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਤੋਂ ਰੋਕਿਆ ਜਾਂਦਾ ਹੈ ਪਰ ਦੂਜੇ ਪਾਸੇ 94 ਸਾਲ ਦਾ ਵਿਅਕਤੀ ਐਮ.ਐਲ.ਏ ਜਾਂ ਐਮ.ਪੀ ਬਣਨ ਲਈ ਚੋਣ ਲੜਦਾ ਹੈ ਜੋ ਕਿ ਸਰਾਸਰ ਨਾਇਨਸਾਫੀ ਹੈ।
ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੇਸ਼ ‘ਚ ਬਦਲਾਅ ਦਾ ਧੁਰਾ ਹੈ, ਪੰਜਾਬ ‘ਚ 70 ਤੋਂ ਵੱਧ ਵਿਧਾਇਕਾਂ ਦੀ ਉਮਰ 35 ਸਾਲ ਤੋਂ ਘੱਟ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀਆਂ ਸਰਕਾਰਾਂ ਨੇ ਸਕੂਲਾਂ ਨੂੰ ਮਿਡ ਡੇ ਮੀਲ ਦੀਆਂ ਇਮਾਰਤਾਂ ਵਿੱਚ ਬਦਲ ਦਿੱਤਾ ਹੈ, ਉੱਥੇ ਹੀ ਦਿੱਲੀ ਅਤੇ ਪੰਜਾਬ ਦੀਆਂ ‘ਆਪ’ ਸਰਕਾਰਾਂ ਨੇ ਉਨ੍ਹਾਂ ਨੂੰ ਸਿੱਖਿਆ ਦੇ ਮੰਦਰ ਵਿੱਚ ਤਬਦੀਲ ਕਰ ਦਿੱਤਾ ਹੈ, ਜਿੱਥੋਂ ਨੌਕਰੀ ਦੇਣ ਵਾਲੇ ਪੈਦਾ ਕੀਤੇ ਜਾ ਰਹੇ ਹਨ ਨਾ ਕਿ ਨੌਕਰੀ ਲੱਭਣ ਵਾਲੇ।
ਉਨ੍ਹਾਂ ਮਿਆਰੀ ਸਿੱਖਿਆ ਨੂੰ ਸਾਰੀਆਂ ਬਿਮਾਰੀਆਂ ਦਾ ਇਲਾਜ ਦੱਸਦਿਆਂ ਕਿਹਾ ਕਿ ਇਹ ਇੱਕ ਅਜਿਹਾ ਸ਼ਕਤੀਸ਼ਾਲੀ ਸਾਧਨ ਹੈ ਜੋ ਲੋਕਾਂ ਦੇ ਜੀਵਨ ਨੂੰ ਹੀ ਬਦਲ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਾਂਗ ਮਿਆਰੀ ਸਿੱਖਿਆ ਰਾਹੀਂ ਆਮ ਆਦਮੀ ਨੂੰ ਮਜ਼ਬੂਤ ਬਣਾਉਣ ਲਈ ਲੋਕਾਂ ਨੂੰ ‘ਆਪ’ ਦਾ ਸਮਰਥਨ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੀ.ਐੱਮ. ਮਾਨ ਨੇ ਅੱਗੇ ਕਿਹਾ ਕਿ ਸਿਰਫ ਨੇਤਾਵਾਂ ਦੇ ਬੋਲਣ ਨਾਲ ਗਰੀਬੀ ਖਤਮ ਨਹੀਂ ਹੋਵੇਗੀ। ਪਰ, ਸਿੱਖਿਆ ਉਹ ਕੁੰਜੀ ਹੈ ਜੋ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਕੇ ਗਰੀਬੀ ਤੋਂ ਬਾਹਰ ਕੱਢ ਸਕਦੀ ਹੈ। ਹਿਮਾਚਲ ਪਹਾੜੀ ਸੂਬੇ ਦੀ ਕਾਇਆ ਕਲਪ ਲਈ ਦਿੱਲੀ ਅਤੇ ਪੰਜਾਬ ਵਰਗੀ ਇਮਾਨਦਾਰ ਅਤੇ ਕੰਮ ਕਰਨ ਵਾਲੀ ਸਰਕਾਰ ਚਾਹੁੰਦਾ ਹੈ।