ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ, ਆਏ ਦਿਨ ਸ਼ਰੇਆਮ ਕਤਲਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਗੈਂਗਸਟਰਵਾਦ ਦੇ ਖਾਤਮੇ ਲਈ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਦੇ ਗਠਨ ਦਾ ਐਲਾਨ ਕੀਤਾ। ਇਸ ਦੇ ਦੋ ਦਿਨ ਬਾਅਦ ਅੱਜ ਵੀਰਵਾਰ ਨੂੰ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਦੇ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨੂੰ ਚਿੱਠੀ ਲਿਖ ਕੇ ਸਖਤ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਕਿ ਗੈਂਗਸਟਰ ਕਲਚਰ ਨੂੰ ਸੂਬੇ ਵਿੱਚ ਖਤਮ ਕਰਨ ਲਈ ਇੱਕ ਅਹਿਮ ਫੈਸਲੇ ਵਜੋਂ ਐਂਟੀ-ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ ਪਰ ਇਸ ਨਾਲ ਪੁਲਿਸ ਕਮਿਸ਼ਨਰਾਂ ਜਾਂ ਐੱਸ.ਐੱਸ.ਪੀਜ਼ ਦੀ ਜ਼ਿੰਮੇਵਾਰੀ ਘੱਟ ਨਹੀਂ ਹੋਵੇਗੀ। ਸੀਪੀਜ਼ ਤੇ ਐੱਸ.ਐੱਸ.ਪੀਜ਼ ਆਪਣੀਆਂ ਹੱਦਾਂ ਵਿੱਚ ਅਪਰਾਧ ‘ਤੇ ਕਾਬੂ ਪਾਉਣ ਅਤੇ ਕਾਨੂੰਨ ਵਿਵਸਥਾ ਬਣਾਉਣ ਲਈ ਪੂਰੇ ਜ਼ਿੰਮੇਵਾਰ ਹੋਣਗੇ।
ਸੀ.ਐੱਮ. ਮਾਨ ਨੇ ਕਿਹਾ ਕਿ ਏ.ਜੀ.ਟੀ.ਐੱਫ. ਖੁਫੀਆ-ਅਧਾਰਿਤ ਆਪ੍ਰੇਸ਼ਨਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਇੱਕ ਤਾਲਮੇਲ ਵਾਲੀ ਭੂਮਿਕਾ ਨਿਭਾਏਗਾ, ਮੈਂ ਉਮੀਦ ਕਰਦਾ ਹਾਂ ਕਿ ਕਮਿਸ਼ਨਰ ਅਤੇ ਐੱਸ.ਐੱਸ.ਪੀਜ਼ ਆਪਣੇ ਅਧੀਨ ਪੁਲਿਸ ਅਧਿਕਾਰੀਆਂ ਨੂੰ ਸੰਖੇਪ ਜਾਣਕਾਰੀ ਦੇ ਕੇ ਅਪਰਾਧ ਡਾਟਾ ਦਾ ਵਿਸ਼ਲੇਸ਼ਣ ਕਰਨ, ਭਗੌੜੇ ਗੈਂਗਸਟਰਾਂ ਦੀ ਪਛਾਣ ਕਰਕੇ ਅਤੇ ਗੈਂਗਸਟਰ ਵਿਰੋਧੀ ਕਾਰਵਾਈਆਂ ਚਲਾ ਕੇ ਗੈਂਗਸਟਰਾਂ ਖਿਲਾਫ ਆਪ੍ਰੇਸ਼ਨ ਚਲਾਉਣ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਮਿਸ਼ਨਰ ਤੇ ਐੱਸ.ਐੱਸ.ਪੀ. ਗੈਂਗਸਟਰਾਂ ਖਿਲਾਫ ਇਸ ਜੰਗ ਵਿੱਚ ਅੱਗੇ ਹੋ ਕੇ ਅਗਵਾਈ ਕਰਨ ਤੇ ਖੁਦ ਵੀ ਆਪ੍ਰੇਸ਼ਨ ਚਲਾਉਣ ਤੇ ਪੁੱਛ-ਗਿੱਛ ਕਰਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਕੇ ਸੂਬੇ ‘ਚ ਗੈਂਗਸਟਰਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਠੋਸ ਮੁਹਿੰਮ ਵਿੱਢੇਗੀ ਅਤੇ ਫੋਰਸ ਦੇ ਨੇਤਾਵਾਂ ਵਜੋਂ ਅਹਿਮ ਭੂਮਿਕਾ ਨਿਭਾਏਗੀ।