ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਤੋਂ ਮੁਕਤ ਕਰਨ ਦੀ ਗਾਰੰਟੀ ਦਾ ਐਲਾਨ ਕੀਤਾ ਤਾਂ ਜੋ ਉੱਤਰੀ ਭਾਰਤ ਵਿੱਚ ਉੱਚ ਸਿੱਖਿਆ ਦੇ ਕੇਂਦਰ ਵਜੋਂ ਆਪਣੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ।
ਪਟਿਆਲਾ ‘ਚ ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵਿਜ਼ਨ ਅਤੇ ਥੀਏਟਰ ਮੈਗਾ ਸ਼ੋਅ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਫੰਡਾਂ ਦੀ ਘਾਟ ਕਾਰਨ ਕੋਈ ਵੀ ਵਿਦਿਆਰਥੀ ਉੱਚ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ।
CM ਮਾਨ ਨੇ ਕਿਹਾ ਕਿ ਸਾਡੇ ਨੌਜਵਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਸੂਰਬੀਰਾਂ ਤੋਂ ਇਲਾਵਾ ਮਹਾਨ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਤੋਂ ਪ੍ਰੇਰਨਾ ਲੈਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਬਦਲਾਖੋਰੀ ਦੀ ਕੋਈ ਥਾਂ ਨਹੀਂ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਅਧਿਆਪਕਾਂ ਦੇ ਸਾਰੇ ਬਕਾਇਆ ਮਸਲਿਆਂ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਅਤੇ ਕਿਸੇ ਨੂੰ ਵੀ ਪਾਣੀ ਦੀਆਂ ਟੈਂਕੀਆਂ ‘ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਰਗੀਆਂ ਦਬਾਅ ਬਣਾਉਣ ਦੀਆਂ ਚਾਲਾਂ ਚੱਲਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕ ਹੁਣ ਦਿੱਲੀ ਪੈਟਰਨ ‘ਤੇ ਆਪਣੀ ਮੁੱਢਲੀ ਡਿਊਟੀ ਵਜੋਂ ਅਧਿਆਪਨ ਦੇ ਕੰਮ ‘ਤੇ ਵਿਸ਼ੇਸ਼ ਧਿਆਨ ਦੇਣਗੇ ਅਤੇ ਉਨ੍ਹਾਂ ਨੂੰ ਪੜ੍ਹਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਸੂਬੇ ਵਿੱਚ ਆਪਣੀ ਸਮਰੱਥਾ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਦਿੱਤੇ ਜਾਣਗੇ, ਤਾਂ ਜੋ ਉਹ ਸਮਾਜ ਦੇ ਆਦਰਸ਼ ਨਾਗਰਿਕ ਬਣ ਸਕਣ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਗਲੋਬਲ ਮਾਪਦੰਡਾਂ ਅਨੁਸਾਰ ਮਿਆਰੀ ਸਿੱਖਿਆ ਦਿੱਤੀ ਜਾਵੇਗੀ । ਜੋ ਉਨ੍ਹਾਂ ਨੂੰ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ।
ਇਹ ਵੀ ਪੜ੍ਹੋ : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ ਤਹਿਤ 214 ਕਰੋੜ ਜਾਰੀ
ਇਸ ਦੌਰਾਨ ਮੁੱਖ ਮੰਤਰੀ ਨੇ ਉਘੇ ਫ਼ਿਲਮਕਾਰ ਮਨਮੋਹਨ ਸਿੰਘ, ਪ੍ਰਸਿੱਧ ਪੰਜਾਬੀ ਅਦਾਕਾਰ ਯੋਗਰਾਜ ਸਿੰਘ, ਗੁੱਗੂ ਗਿੱਲ, ਵਿਜੇ ਟੰਡਨ, ਗਾਇਕ ਮੁਹੰਮਦ ਸਦੀਕ ਤੇ ਸੁਰਿੰਦਰ ਛਿੰਦਾ ਅਤੇ ਫ਼ਿਲਮ ਨਿਰਦੇਸ਼ਕ ਸੁਮੀਤ ਕੰਗ ਦਾ ਸਨਮਾਨ ਕੀਤਾ।