ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਖੁਲਾਸਾ ਕੀਤਾ ਹੈ। ਮਾਨ ਦਾ ਦਾਅਵਾ ਹੈ ਕਿ ‘ਚਿੱਟਾ’ ਪੰਜਾਬ ਵਿਚ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦੇ ਜ਼ਿੰਮੇਵਾਰ ਲੋਕਾਂ ਦਾ ਪਰਦਾਪਾਸ਼ ਕਰਕੇ ਸਾਹਮਣੇ ਲਿਆਂਦਾ ਜਾਵੇਗਾ। ਮਾਨ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਇਹ ਗੱਲ ਕਹੀ।
CM ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਰਾਜਸਥਨ ਦੀ ਸਰਹੱਦ ਦਾ 2.5 ਗੁਣੇ ਤੋਂ ਵੱਧ ਖੇਤਰਫਲ ਤੇ ਜੰਮੂ-ਕਸ਼ਮੀਰ ਦੀ ਸਰਹੱਦ ਦਾ ਅੱਧੇ ਤੋਂ ਵੱਧ ਹਿੱਸਾ ਪਾਕਿਸਤਾਨ ਨਾਲ ਲੱਗਦਾ ਹੋਣ ਦੇ ਬਾਵਜੂਦ, ਜਿਥੇ ਕੰਢੇਦਾਰ ਤਾਰ ਵੀ ਨਹੀਂ ਹੈ, ਨਸ਼ੇ ਦੀ ਕੋਈ ਸਮੱਸਿਆ ਨਹੀਂ ਹੈ। ਪੰਜਾਬ ਨਸ਼ੇ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੀ ਚਿੱਟਾ ਤਿਆਰ ਕੀਤਾ ਜਾ ਰਿਹਾ ਹੈ। ਅਜਿਹੀਆਂ ਘਿਨਾਉਣੀਆਂ ਗਤੀਵਿਧੀਆਂ ਵਿਚ ਸ਼ਾਮਲ ਤੇ ਪੰਜਾਬੀ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਜਲਦ ਹੀ ਪਰਦਾਫਾਸ਼ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਚਿੱਟਾ ਤੇ ਹੋਰ ਸਿੰਥੈਟਿਕ ਨਸ਼ਿਆਂ ਦੀ ਪੰਜਾਬ ਵਿਚ ਆਮਦ ਸਰਹੱਦ ਪਾਰ ਪਾਕਿਸਤਾਨ ਤੋਂ ਹੋਣ ਦੀ ਗੱਲ ਕਹੀ ਜਾਂਦੀ ਰਹੀ ਹੈ। ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ 1 ਲੱਖ ਲੋਕਾਂ ਵਿਚੋਂ 836 ਨਸ਼ੇ ਦੇ ਸ਼ਿਕਾਰ ਹਨ। ਇਹ ਅੰਕੜਾ 1 ਲੱਖ ਲੋਕਾਂ ‘ਤੇ 250 ਨਸ਼ੇ ਦੇ ਆਦੀ ਲੋਕਾਂ ਸਬੰਧੀ ਕੌਮੀ ਔਸਤ ਤੋਂ ਕਿਥੇ ਵਧ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪੰਜਾਬ ਸਰਕਾਰ ਵੱਲੋਂ ਦਰਜ ਅੰਕੜਿਆਂ ਵਿਚ 2015 ਵਿਚ ਪੰਜਾਬ ‘ਚ 39,54,168 ਲੋਕ ਨਸ਼ੇ ਦੀ ਲਤ ਦਾ ਸ਼ਿਕਾਰ ਪਾਏ ਗਏ ਸਨ। ਸੂਬੇ ਵਿਚ ਹਰ ਮਹੀਨੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 112 ਦਰਜ ਕੀਤੀ ਗਈ ਹੈ, ਉਥੇ ਹਰੇਕ ਸਾਲ 1344 ਨੌਜਵਾਨ ਦਮ ਤੋੜ ਰਹੇ ਹਨ। NCB ਦੀ ਰਿਪੋਰਟ ਮੁਤਾਬਕ (2007-17) ਭਾਰਤ ਵਿਚ 25 ਹਜ਼ਾਰ ਲੋਕਾਂ ਨੇ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਆਤਮਹੱਤਿਆ ਕਰ ਲਈ। ਇਸ ਵਿਚ 74 ਫੀਸਦੀ ਮਾਮਲੇ ਪੰਜਾਬ ਦੇ ਹਨ। ਸਭ ਤੋਂ ਵੱਧ ਨਸ਼ਾ ਅਫੀਮ, ਹੈਰੋਇਨ, ਭੁੱਕੀ, ਚਰਸ ਦੇ ਰੂਪ ‘ਚ ਰੁਝਾਨ ‘ਚ ਹੈ ਪਰ ਬੀਤੇ ਇਕ ਦਹਾਕੇ ਤੋਂ ਸੂਬੇ ਦੇ ਨੌਜਵਾਨ ਸਿੰਥੈਟਿਕ ਨਸ਼ੇ ਦੀ ਚਪੇਟ ਵਿਚ ਆ ਗਏ ਹਨ। ਹੁਣ ਤੱਕ ਮੰਨਿਆ ਜਾ ਰਿਹਾ ਸੀ ਕਿ ਅਫੀਮ ਹੈਰੋਇਨ ਆਦਿ ਨਾਲ ਸਿੰਥੈਟਿਕ ਨਸ਼ਾ ‘ਚਿੱਟਾ’ ਵੀ ਸਰਹੱਦ ਪਾਰ ਤੋਂ ਪੰਜਾਬ ਪਹੁੰਚ ਰਿਹਾ ਹੈ। ਹਾਲਾਂਕਿ ਚਿੱਟਾ ਕੋਈ ਕੁਦਰਤੀ ਨਸ਼ੀਲਾ ਪਦਾਰਥ ਨਹੀਂ ਸਗੋਂ ਦਵਾਈ ਉਤਪਾਦਕ ਫੈਕਟਰੀਆਂ ਦਾ ਹੀ ਜੈਵਿਕ ਉਤਪਾਦ ਹੈ, ਜੋ ਦਰਦ, ਮਾਨਸਿਕ ਰੋਗ, ਐਲਰਜੀ ਆਦਿ ਰੋਗਾਂ ਵਿਚ ਵਰਤੀ ਜਾਣ ਵਾਲੀਆਂ ਦਵਾਈਆਂ ਸਬੰਧੀ ਕੈਮੀਕਲ ਦੀ ਹੋਰ ਨਸ਼ੀਲੇ ਕੈਮੀਕਲਸ ਨਾਲ ਪ੍ਰਕਿਰਿਆ ਤੋਂ ਤਿਆਰ ਹੁੰਦਾ ਹੈ।