Congress to launch mass agitation : ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਸਰਕਾਰ ਨੇ ਕੇਂਦਰ ਵੱਲੋਂ ਖੇਤੀ ਸੁਧਾਰ ਲਈ ਲਗਾਏ ਗਏ ਆਰਡੀਨੈਂਸ ਖਿਲਾਫ ਜਨ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ ਹੈ, ਜਿਸ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖਲ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਨਾਲ ਹੀ ਦਿਹਾਤੀ ਖੇਤਰਾਂ ਨਾਲ ਜੁੜੇ ਕਾਂਗਰਸ ਵਿਧਾਇਕਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਬੈਠਕ ਵੀ ਬੁਲਾਈ ਹੈ। ਜਾਖੜ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਖੇਤੀ ਸੈਕਟਰ ਵਿਚ ਲੌਕਡਾਊਨ ਕਰਨ ਜਾ ਰਹੀ ਹੈ, ਜੋ ਮੁੜ ਕਦੇ ਨਹੀਂ ਖੁੱਲ੍ਹੇਗਾ। ਇਕ ਗੱਲਬਾਤ ਦੌਰਾਨ ਜਾਖੜ ਨੇ ਕਿਹਾ ਕਿ ਇਕ ਪਾਸੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਹਿ ਰਹੇ ਹਨ ਕਿ ਐਮਐਸਪੀ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਖਤਾਰ ਹੈ, ਦੂਜੇ ਪਾਸੇ ਕੇਂਦਰ ਸਰਕਾਰ ਮੰਡੀ ਐਕਟ ਅਤੇ ਖੇਤੀਸੁਧਾਰਾਂ ਦੇ ਨਾਂ ’ਤੇ ਕਿਸਾਨ ਨੂੰ ਹਨੇਰੇ ਖੂਹ ਵਿਚ ਧੱਕਣ ਜਾ ਰਹੀ ਹੈ। ਇਸ ਨਾਲ ਪੰਜਾਬ ਦੀ ਕਿਸਾਨੀ ਪੂਰੀ ਤਰ੍ਹਾਂ ਤੋਂ ਤਬਾਹ ਹੋ ਜਾਏਗੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਲਈ ਜਨ ਅੰਦੋਲਨ ਚਲਾਉਣ ਦੀ ਲੋੜ ਹੈ, ਤਾਂਕਿ ਕਿਸਾਨਾਂ ਨੂੰ ਪਤਾ ਲੱਗ ਸਕੇ ਕਿ ਕੇਂਦਰ ਸਰਕਾਰ ਕੀ ਕਰਨ ਜਾ ਰਹੀ ਹੈ। ਜਾਖੜ ਨੇ ਕਿਹਾ ਕਿ ਇਸ ਜਨ ਅੰਦੋਲਨ ਦੀ ਰੂਪਰੇਖਾ ਵਿਧਾਇਕਾਂ ਨਾਲ ਵੱਖ-ਵੱਖ ਮੀਟਿੰਗ ਕਰਕੇ ਤਿਆਰ ਕੀਤੀ ਜਾਏਗੀ, ਜਿਸਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ। ਜਾਖੜ ਨੇ ਕਿਹਾ ਕਿ ਜਨ ਅੰਦੋਲਨ ਨੂੰ ਚਲਾਉਣ ਲਈ ਮੰਗਲਵਾਰ ਨੂੰ ਹੋਣ ਵਾਲੀ ਬੈਠਕ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਰੰਧਾਵਾ ਸਣੇ ਲਗਭਗ 20 ਵਿਧਾਇਕ ਸ਼ਾਮਲ ਹੋਣਗੇ।
ਇਸ ਤੋਂ ਬਾਅਦ ਵੱਖ-ਵੱਖ ਗਰੁੱਪਾਂ ਵਿਚ ਵਿਧਾਇਕਾਂ ਨਾਲ ਬੈਠਕ ਕੀਤੀ ਜਾਵੇਗੀ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਥਿਤ ਖੇਤੀ ਸੁਧਾਰ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਏਗੀ ਅਤੇ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੀਆਂ ਕਮੇਟੀਆਂ ਨੂੰ ਇਸੇ ਮਹੀਨੇ ਗਠਿਤ ਕਰਕੇ 19 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਇੰਚਾਰਜ ਆਸ਼ਾ ਕੁਮਾਰੀ ਨਾਲ ਬੈਠਕ ਕਰਨ ਤੋਂ ਬਾਅਦ ਜ਼ਿਲਾ ਪ੍ਰਧਾਨਾਂ ਦੇ ਨਾਂ ਵੀ ਐਲਾਨ ਦਿੱਤੇ ਜਾਣਗੇ।