ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੇਰਲ ਦੇ ਕੋਲਮ ਵਿੱਚ ਇੱਕ ਦੁਕਾਨਦਾਰ ਨੇ ਕਾਂਗਰਸੀਆਂ ਉੱਤੇ ਯਾਤਰਾ ਦਾ ਚੰਦਾ ਨਾ ਦੇਣ ਲਈ ਉਸਦੀ ਦੁਕਾਨ ਵਿੱਚ ਭੰਨਤੋੜ ਕਰਨ ਦਾ ਦੋਸ਼ ਲਗਾਇਆ ਹੈ। ਦੁਕਾਨਦਾਰ ਦਾ ਨਾਮ ਐਸ ਫਵਾਜ਼ ਹੈ ਅਤੇ ਉਹ ਕੋਲਮ ਵਿੱਚ ਸਬਜ਼ੀ ਦੀ ਦੁਕਾਨ ਚਲਾਉਂਦਾ ਹੈ। ਭੰਨਤੋੜ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੇਰਲ ਕਾਂਗਰਸ ਪ੍ਰਧਾਨ ਕੇ. ਸੁਧਾਕਰਨ ਨੇ ਪਾਰਟੀ ਦੇ 3 ਵਰਕਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਫਵਾਜ਼ ਨੇ ਦੱਸਿਆ ਕਿ 14 ਸਤੰਬਰ ਨੂੰ ਕੁਝ ਸਥਾਨਕ ਕਾਂਗਰਸੀ ਆਗੂ ਉਸ ਦੀ ਦੁਕਾਨ ‘ਤੇ ਆਏ ਅਤੇ ਭਾਰਤ ਜੋੜੋ ਯਾਤਰਾ ਲਈ ਚੰਦਾ ਮੰਗਣ ਲੱਗੇ। ਮੈਂ 500 ਰੁਪਏ ਦੇ ਦਿੱਤੇ ਪਰ ਉਨ੍ਹਾਂ ਨੇ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਮੈਂ ਇਹ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕਾਂਗਰਸੀਆਂ ਨੇ ਮੇਰੀ ਦੁਕਾਨ ਦੀ ਭੰਨਤੋੜ ਕੀਤੀ ਅਤੇ ਸਬਜ਼ੀਆਂ ਵੀ ਸੜਕ ‘ਤੇ ਸੁੱਟ ਦਿੱਤੀਆਂ।
ਪੀੜਤ ਦੁਕਾਨਦਾਰ ਨੇ ਇਸ ਸਬੰਧੀ ਕੁਨੀਕੋੜੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮੁਤਾਬਕ ਦੁਕਾਨ ਦੀ ਭੰਨਤੋੜ ਕਰਨ ਵਾਲਿਆਂ ਵਿੱਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਨੀਸ ਖਾਨ ਵੀ ਸ਼ਾਮਲ ਸਨ। ਖਾਨ ਆਪਣੇ ਪੰਜ ਸਾਥੀਆਂ ਨਾਲ ਉਸ ਦੀ ਦੁਕਾਨ ‘ਤੇ ਪਹੁੰਚ ਗਿਆ ਸੀ। ਉਨ੍ਹਾਂ ਨੇ ਚੰਦੇ ਦੀ ਰਕਮ ਨਾ ਦੇਣ ‘ਤੇ ਦੁਕਾਨ ਦੀ ਭੰਨਤੋੜ ਕੀਤੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਤਿੰਨ ਵਰਕਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 3 ਕਰੋੜ ਕੈਸ਼, 50 ਕਿਲੋ ਸੋਨਾ ਗਹਿਣੇ ਤੇ…, ਮਹੰਤ ਨਰੇਂਦਰ ਗਿਰੀ ਦੇ ਕਮਰੇ ‘ਚੋਂ CBI ਨੂੰ ਮਿਲਿਆ ਖਜ਼ਾਨਾ
ਕੇਰਲ ਕਾਂਗਰਸ ਦੇ ਪ੍ਰਧਾਨ ਕੇ. ਸੁਧਾਕਰਨ ਨੇ ਕਿਹਾ- ਅਸੀਂ ਦੂਜੀਆਂ ਪਾਰਟੀਆਂ ਵਾਂਗ ਕਾਰਪੋਰੇਟ ਫੰਡਿੰਗ ਤੋਂ ਪੈਸਾ ਨਹੀਂ ਲੈਂਦੇ। ਅਸੀਂ ਛੋਟੇ ਪੈਮਾਨੇ ‘ਤੇ ਚੰਦਾ ਲੈਂਦੇ ਹਾਂ, ਜੋ ਲੋਕ ਆਪਣੀ ਮਰਜ਼ੀ ਨਾਲ ਦਿੰਦੇ ਹਨ। ਕੋਲਮ ਕਾਂਡ ਵਿੱਚ ਸ਼ਾਮਲ ਤਿੰਨ ਵਰਕਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਸਾਡੀ ਵਿਚਾਰਧਾਰਾ ਦੀ ਨੁਮਾਇੰਦਗੀ ਨਹੀਂ ਕਰਦੇ ਅਤੇ ਉਨ੍ਹਾਂ ਦਾ ਵਤੀਰਾ ਜਾਇਜ਼ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: