ਵਿਵਾਦਤ ਪੰਜਾਬੀ ਫਿਲਮ ‘ਸ਼ੂਟਰ’ ਦੇ ਨਾਲ ਹੁਣ ਇੱਕ ਹੋਰ ਵਿਵਾਦ ਜੁੜ ਗਿਆ ਹੈ। ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ‘ਤੇ ਬਣੀ ਪੰਜਾਬੀ ਫ਼ਿਲਮ ‘ਸ਼ੂਟਰ’ ਦੇ ਟਾਈਟਲ ਗੀਤ ‘ਸ਼ੂਟਰ’ ਗੀਤ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਪੰਜਾਬੀ ਗਾਇਕ ਸਿਮਰਨ ਗੋਰਾਇਆ ਨੇ ਇੱਕ ਸੰਗੀਤ ਕੰਪਨੀ ਦੇ ਮਾਲਕਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ ਕਿ ਜਿਸ ਵਿੱਚ ਉਨ੍ਹਾਂ ਨੇ ਬਿਨਾਂ ਸਹਿਮਤੀ ਤੋਂ ਆਪਣਾ ਗੀਤ ਕਿਸੇ ਹੋਰ ਅਦਾਰੇ ਨੂੰ ਵੇਚਣ ਅਤੇ ਇਸ ਨੂੰ ਪੰਜਾਬੀ ਫਿਲਮ ਵਿੱਚ ਵਰਤਣ ਦਾ ਦੋਸ਼ ਲਗਾਇਆ ਹੈ। ਸਿਮਰਨ ਗੋਰਾਇਆ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ 6 ਦਸੰਬਰ 2021 ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ਥਾਣਾ ਡਵੀਜ਼ਨ ਨੰਬਰ 5 ਵਿੱਚ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 420 (ਧੋਖਾਧੜੀ), 120ਬੀ (ਅਪਰਾਧਿਕ ਸਾਜ਼ਿਸ਼), ਕਾਪੀਰਾਈਟ ਐਕਟ ਦੀ ਧਾਰਾ 52ਏ ਅਤੇ 68ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਿਮਰਨ ਗੁਰਾਇਆ ਨੇ ਸ਼ਿਕਾਇਤ ਵਿੱਚ ਕਿਹਾ ਕਿ ਮੇਰੇ ਹਿੱਟ ਗੀਤ ਨੂੰ ਚੋਰੀ ਕਰਕੇ ਉਸ ਨੂੰ ਤਰੋੜ ਮਰੋੜ ਕੇ ਵਿਵਾਦ ਵਾਲੀ ਫਿਲਮ ਸ਼ੂਟਰ ਵਿੱਚ ਪਾਇਆ ਗਿਆ ਹੈ ਅਤੇ ਮੇਰਾ ਨਾਮ ਖਰਾਬ ਕਰਕੇ ਮੇਰੇ ਕਾਰੋਬਾਰ ਨੂੰ ਤਬਾਹ ਕਰਨ ਅਤੇ ਕਾਪੀ ਰਾਈਟ ਦੀ ਉਲੰਘਣਾ ਕੀਤੀ ਗਈ ਹੈ। ਗੁਰਾਇਆ ਨੇ ਕਿਹਾ ਕਿ ਇਸ ਗੀਤ ਦਾ ਮੈਂ ਮਿਊਜ਼ਿਕ, ਸਾਊਂਡ, ਰੈਪ ਤੇ ਬੋਲਾਂ ਦਾ ਕਿਸੇ ਨੂੰ ਛੇੜਖਾਨੀ ਅਤੇ ਕੱਟ-ਵੱਢ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਗੀਤ ਲੈਣ ਲਈ ਵਰਧਮਾਨ ਮਿਊਜ਼ਿਕ ਕੰਪਨੀ ਦੇ ਮਾਲਕ ਅਨਿਲ ਜੈਨ ਤੇ ਗਾਇਕ ਜਗਪਾਲ ਸੰਧੂ ਨੇ ਸੰਪਰਕ ਕੀਤਾ ਸੀ ਅਤੇ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜੋ ਮੇਰੀ ਪੇਮੈਂਟ ਬਣਦੀ ਹੈ ਦੇ ਦਿਓ। ਉਹ ਮੈਨੂੰ ਕਹਿਣ ਲੱਗੇ ਕਿ ਅਸੀਂ ਪੇਮੈਂਟ ਨਹੀਂ ਦੇਣੀ, ਇਸ ਗੀਤ ਦੀ ਜੋ ਕਮਾਈ ਹੋਵੇਗੀ ਅੱਧੋ-ਅੱਧ ਕਰ ਲਵਾਂਗੇ ਅਤੇ ਮੈਂ ਯਕੀਨ ਕਰਕੇ ਗੀਤ ਦੇ ਦਿੱਤਾ।
ਉਨ੍ਹਾਂ ਸ਼ਿਕਾਇਤ ਵਿੱਚ ਕਿਹਾ ਕਿ ਨਿਯਮ ਅਨੁਸਾਰ ਨਾ ਤਾਂ ਮੇਰੇ ਨਾਲ ਕੋਈ ਐਗਰੀਮੈਂਟ ਕੀਤਾ ਅਤੇ ਨਾ ਕੋਈ ਹਿਸਾਬ ਕੀਤਾ ਅਤੇ ਮੇਰੇ ਤੋਂ ਅਧਿਕਾਰ ਲਏ ਬਿਨਾਂ ਹੀ ਇਨ੍ਹਾਂ ਨੇ ਮੇਰਾ ਗੀਤ ਅੱਗੇ ਐੱਮ. ਪੀ.-3 ਮਿਊਜ਼ਿਕ ਕੰਪਨੀ ਮੋਹਾਲੀ ਨੂੰ ਵੇਚ ਦਿੱਤਾ। ਇਸ ਕੰਪਨੀ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਸ ਨੂੰ ਤੋੜ-ਮਰੋੜ ਕੇ ਸ਼ੂਟਰ ਵਿਚ ਪਾ ਕੇ ਰਿਲੀਜ਼ ਕਰ ਦਿੱਤਾ, ਜਿਸ ਨਾਲ ਮੇਰੇ ਨਾਮ ਤੇ ਕਾਰੋਬਾਰ ਨੂੰ ਧੱਕਾ ਲੱਗਾ ਹੈ। ਸਿਮਰਨ ਗੁਰਾਇਆ ਨੇ ਦੋਸ਼ ਲਾਇਆ ਕਿ ਮਿਊਜ਼ਿਕ ਕੰਪਨੀ ਦੇ ਮਾਲਕ ਕੇ. ਵੀ. ਢਿੱਲੋਂ, ਮਿਊਜ਼ਿਕ ਡਾਇਰਕੈਟਰ ਦੀਪ ਜੰਡੂ, ਗਾਇਕ ਜੱਸ ਮਾਣਕ, ਐਕਟਰ ਜੇ ਰੰਧਾਵਾ, ਡਾਇਰੈਕਟਰ ਸ਼ੂਟਰ ਫਿਲਮ ਦਿਲਸ਼ੇਰ ਸਿੰਘ ਤੇ ਖੁਸ਼ਹਾਲ ਸਿੰਘ ਨੇ ਵਰਧਮਾਨ ਮਿਊਜ਼ਿਕ ਕੰਪਨੀ ਦੇ ਮਾਲਕ ਅਨਿਲ ਜੈਨ ਤੇ ਗਾਇਕ ਜਗਪਾਲ ਸੰਧੂ ਨਾਲ ਮਿਲ ਕੇ ਸਾਜ਼ਿਸ਼ ਵਿਚ ਯੋਗਦਾਨ ਪਾਇਆ। ਸਿਮਰਨ ਗੁਰਾਇਆ ਨੇ ਦੋਸ਼ ਲਾਇਆ ਕਿ ਕਾਪੀ ਰਾਈਟ ਦੀ ਉਲੰਘਣਾ ਤੇ ਪਾਇਰੇਸੀ ਨਾਲ ਚੋਰੀ ਕਰਕੇ ਮੇਰੇ ਨਾਲ ਧੋਖਾ ਕੀਤਾ ਗਿਆ ਹੈ। ਇਸ ਕਾਰਕੇ ਇਸ ਗੀਤ ਅਤੇ ਫਿਲਮ ਉੱਤੇ ਤੁਰੰਤ ਰੋਕ ਲਾਈ ਜਾਵੇ ਅਤੇ ਦੋਸ਼ੀਆਂ ਉੱਥੇ ਬਣਦੀ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: