ਦਿੱਲੀ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਧਮਾਕਾ ਹੋਇਆ ਹੈ। ਸੰਸਦ ਭਵਨ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦੇ ਕੋਵਿਡ ਟੈਸਟ ਤੋਂ ਬਾਅਦ 119 ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਹਨ। ਦਿੱਲੀ ਵਿਚ ਕੋਰੋਨਾ ਪਾਜ਼ੀਟਿਵਿਟੀ ਦਰ ਵਿਚ ਵਾਧੇ ਦੇ ਨਾਲ ਹੀ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਸਾਰੇ ਨਿੱਜੀ ਦਫਤਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ਵਿਚ ਸੋਮਵਾਰ ਨੂੰ ਪਾਜ਼ੀਟਿਵਿਟੀ ਦਰ 25 ਫੀਸਦੀ ਤੱਕ ਪਹੁੰਚ ਗਈ ਸੀ।
ਦਿੱਲੀ ਸਰਕਾਰ ਮੁਤਾਬਕ ਹੁਣ ਤੱਕ 1912 ਕੋਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਹਨ। ਇਨ੍ਹਾਂ ਵਿਚੋਂ 443 ਆਈਸੀਯੂ ਵਿਚ, 503 ਆਕਸੀਜਨ ਸਪੋਰਟ ਉਤੇ ਤੇ 65 ਵੈਂਟੀਲੇਟਰ ਉਤੇ ਹਨ। ਇਸ ਤੋਂ ਇਕ ਦਿਨ ਪਹਿਲਾਂ 1618 ਕੋਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਹੋਏ ਸਨ।
ਸੋਮਵਾਰ ਨੂੰ ਦਿੱਲੀ ਵਿਚ 19,166 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 17 ਲੋਕਾਂ ਦੀ ਮੌਤ ਵੀ ਹੋਈ ਸੀ। ਇਸ ਦੇ ਨਾਲ ਹੀ ਦਿੱਲੀ ਵਿਚ ਸਰਗਰਮ ਕੇਸਾਂ ਦੀ ਗਿਣਤੀ 65 ਹਜ਼ਾਰ ਦੇ ਪਾਰ ਹੋ ਚੁੱਕੀ ਹੈ। ਦਿੱਲੀ ਵਿਚ ਟੈਸਟ ਕਰਨ ਉਤੇ ਹਰ 4 ਵਿਚੋਂ 1 ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆ ਰਹੀ ਹੈ। ਸਿਹਤ ਵਿਭਾਗ ਮੁਤਾਬਕ ਇਸ ਮਹੀਨੇ ਹੁਣ ਤੱਕ 10 ਦਿਨ ਵਿਚ 70 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਐਤਵਾਰ ਤੇ ਸੋਮਵਾਰ ਨੂੰ 17-17 ਲੋਕਾਂ ਦੀ ਮੌਤ ਹੋਈ ਜਦੋਂ ਕਿ ਇਸ ਤੋਂ ਪਹਿਲਾਂ 5 ਮਹੀਨਿਆਂ ਵਿਚ 54 ਮੌਤਾਂ ਹੋਈਆਂ ਸਨ। ਦਸੰਬਰ ਵਿਚ 9, ਨਵੰਬਰ ਵਿਚ 7, ਅਕਤੂਬਰ ਵਿਚ 4, ਸਤੰਬਰ ਵਿਚ 5 ਤੇ ਅਗਸਤ ਵਿਚ 29 ਮਰੀਜ਼ਾਂ ਦੀ ਜਾਨ ਗਈ ਸੀ। ਜੁਲਾਈ ਵਿਚ 76 ਮਰੀਜ਼ਾਂ ਦੀ ਮੌਤ ਹੋਈ ਸੀ।