ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਹੁਣ ਚੰਡੀਗੜ੍ਹ ਦੀ ਇੱਕ ਔਰਤ ਨੂੰ ਡਾਕਟਰ ਤੋਂ ਅਪਾਇੰਟਮੈਂਟ ਲੈਣ ਲਈ ਗੂਗਲ ਤੋਂ ਨੰਬਰ ਲੈਣਾ ਮਹਿੰਗਾ ਪੈ ਗਿਆ। ਗੂਗਲ ਤੋਂ ਮਿਲੇ ਨੰਬਰ ‘ਤੇ ਕਾਲ ਕਰਨ ‘ਤੇ ਔਰਤ ਨਾਲ ਇਕ ਲੱਖ ਰੁਪਏ ਦੀ ਠੱਗੀ ਮਾਰੀ ਗਈ।
ਚੰਡੀਗੜ੍ਹ ਸਾਈਬਰ ਥਾਣਾ ਸੈਕਟਰ-17 ਦੀ ਪੁਲਿਸ ਨੇ ਮਾਮਲੇ ਵਿੱਚ ਔਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਸ਼ਿਕਾਇਤਕਰਤਾ ਔਰਤ ਨੇ ਦੋਸ਼ੀ ਨੂੰ ਨਾ ਤਾਂ ਕੋਈ ਵਨ ਟਾਈਮ ਪਾਸਵਰਡ (ਓਟੀਪੀ) ਦਿੱਤਾ ਅਤੇ ਨਾ ਹੀ ਕੋਈ ਨਿੱਜੀ ਜਾਣਕਾਰੀ। ਇਸ ਦੇ ਬਾਵਜੂਦ ਮੁਲਜ਼ਮ ਸਾਈਬਰ ਠੱਗ ਨੇ ਬੈਂਕ ਅਕਾਊਂਟ ਤੋਂ ਇੱਕ ਲੱਖ ਰੁਪਏ ਉਡਾ ਦਿੱਤੇ।
ਪੁਲਿਸ ਮੁਤਾਬਕ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਹ ਇੱਕ ਮਹਿਲਾ ਡਾਕਟਰ ਨਾਲ ਸੰਪਰਕ ਕਰਨਾ ਚਾਹੁੰਦੀ ਸੀ। ਇਸ ਸਬੰਧੀ ਗੂਗਲ ਤੋਂ ਨੰਬਰ ਕੱਢ ਕੇ ਡਾਕਟਰ ਨੂੰ ਕਾਲ ਕੀਤੀ। ਪਰ ਸਾਹਮਣਿਓਂ ਕੋਈ ਜਵਾਬ ਨਹੀਂ ਆਇਆ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਆਇਆ 6.0 ਤੀਬਰਤਾ ਵਾਲਾ ਤਕੜਾ ਭੂਚਾਲ, ਪੰਜਾਬ-ਹਰਿਆਣਾ ‘ਚ ਵੀ ਕੰਬੀ ਧਰਤੀ
ਸ਼ਿਕਾਇਤਕਰਤਾ ਔਰਤ ਨੂੰ ਕੁਝ ਮਿੰਟਾਂ ਬਾਅਦ ਵਾਪਸ ਕਾਲ ਆਉਂਦੀ ਹੈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਉਕਤ ਮਹਿਲਾ ਡਾਕਟਰ ਦੇ ਦਫ਼ਤਰ ਵਿੱਚ ਤਾਇਨਾਤ ਹੈ। ਉਸ ਨੇ ਅਪਾਇੰਟਮੈਂਟ ਬੁੱਕ ਕਰਵਾਉਣ ਲਈ 5 ਰੁਪਏ ਫੀਸ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਸ ਨੇ ਸ਼ਿਕਾਇਤਕਰਤਾ ਦਾ ਨਾਂ ਅਤੇ ਉਮਰ ਵੀ ਨੋਟ ਕੀਤੀ।
ਦੋਸ਼ੀ ਨੇ ਔਰਤ ਦੇ ਵ੍ਹਾਟਸਐਪ ‘ਤੇ ਪੰਜ ਰੁਪਏ ਦੇਣ ਦਾ ਲਿੰਕ ਭੇਜਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਔਰਤ ਨੂੰ ਮੈਸੇਜ ਆਉਂਦਾ ਹੈ ਕਿ ਉਸ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਵਿੱਚੋਂ ਇੱਕ ਲੱਖ ਰੁਪਏ ਟਰਾਂਸਫਰ ਹੋ ਗਏ ਹਨ। ਇਸ ਤੋਂ ਬਾਅਦ ਤੁਰੰਤ ਸਬੰਧਤ ਬੈਂਕ ਮੈਨੇਜਰ ਅਤੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: