ਜਲੰਧਰ ਵਿੱਚ ਲੁਟੇਰਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਦਿਨ-ਦਿਹਾੜੇ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਅੱਜ ਚਿੱਟੇ ਦਿਨ ਚੋਰਾਂ ਨੇ ਅਰਬਨ ਫੇਜ਼-2 ਵਿੱਚ ਇੱਕ ਜਵੈਲਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ।
ਮਿਲੀ ਜਾਣਕਾਰੀ ਥਾਣਾ ਡਵੀ਼ਨ ਨੰਬਰ ਸੱਤ ਅਧੀਨ ਪੈਂਦੇ ਗੜ੍ਹਾ ਰੋਡ ‘ਤੇ ਮਣਪੁਰਮ ਗੋਲਡ ਵਿੱਚ ਛੇ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਚੋਰਾਂ ਨੇ ਪਹਿਲਾਂ ਮਾਲਕ ਨੂੰ ਬੰਧਕ ਬਣਾ ਲਿਆ ਅਤੇ ਫਿਰ ਲੱਖਾਂ ਦੀ ਨਕਦੀ ਅਤੇ ਸੋਨਾ ਲੁੱਟ ਕੇ ਫਰਾਰ ਹੋ ਗਏ।
ਇਸ ਦੌਰਾਨ ਇੱਕ ਮੁਲਾਜ਼ਮ ਵੱਲੋਂ ਵਿਰੋਧ ਕਰਨ ‘ਤੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਬਦਮਾਸ਼ਾਂ ਨੇ ਹਥਿਆਰਾਂ ਦੇ ਦਮ ‘ਤੇ ਇਸ ਲੁੱਟ ਨੂੰ ਅੰਜਾਮ ਦਿੱਤਾ। ਮਣਪੁਰਮ ਗੋਲਡ ਫਾਇਨਾਂਸ ਦੇ ਮਾਲਕ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ‘ਤੇ ਪਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਮੁਲਾਜ਼ਮ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ਹਿਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਰ ਚੌਂਕ ‘ਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਮਿਲਾਪ ਚੌਂਕ ਕੋਲ ਬਾਈਕ ਸਵਾਰਾਂ ਨੇ ਔਰਤ ਦਾ ਖੋਹਿਆ ਪਰਸ
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸ਼ਰੇਆਮ ਮਿਲਾਪ ਚੌਂਕ ਦੇ ਕੋਲ ਦੋ ਬਾਈਕ ਸਵਾਰ ਲੁਟੇਰਿਆਂ ਨੇ ਇੱਕ ਰਾਹ ਜਾਂਦੀ ਔਰਤ ਦਾ ਪਰਸ ਖੋਹ ਲਿਆ। ਪੀੜਤ ਔਰਤ ਮਿਨੀ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ ਕੁਝ ਨਕਦੀ ਤੇ ਆਧਾਰ ਕਾਰਡ ਰੱਖਿਆ ਹੋਇਆ ਸੀ। ਚੰਗੀ ਕਿਸਮਤ ਨੂੰ ਉਸ ਨੇ ਮੋਬਾਈਲ ਹੱਥ ਵਿੱਚ ਹੀ ਫੜਿਆ ਹੋਇਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਅਬੋਹਰ ਆ ਰਹੀ ਬੱਸ ਦਰੱਖਤ ਨਾਲ ਟਕਰਾਈ, ਇੱਕ ਦੀ ਮੌਤ, ਲੋਕਾਂ ਨੇ ਕੰਡਕਟਰ ਦਾ ਚਾੜ੍ਹਿਆ ਕੁਟਾਪਾ
ਬਾਈਕ ਸਵਾਰ ਪਿੱਛੋਂ ਆਏ ਅਤੇ ਉਸ ਦਾ ਪਰਸ ਖੋਹ ਕੇ ਲੈ ਗਏ। ਲੁੱਟ ਦੀ ਇਹ ਘਟਨਾ ਕੋਲ ਹੀ ਪੈਂਦੇ ਸ਼ੋਅਰੂਮ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦਿਨ-ਦਿਹਾੜੇ ਸ਼ਹਿਰ ਵਿੱਚ ਵਧਦੀਆਂ ਜਾ ਰਹੀਆਂ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਕਾਨੂੰਨ ਵਿਵਸਥਾ ‘ਤੇ ਵੀ ਸਵਾਲੀਆ ਨਿਸ਼ਾਨ ਉਠਾ ਰਹੀਆਂ ਹਨ।