ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫ਼ਤ ‘ਚੋਂ ਜਿਸ ਗਰਲਫ੍ਰੈਂਡ ਦੀ ਮਦਦ ਨਾਲ ਫਰਾਰ ਹੋਇਆ, ਉਹ ਲੁਧਿਆਣੇ ਦੀ ਰਹਿਣ ਵਾਲੀ ਏ। ਮਾਨਸਾ ਜ਼ਿਲ੍ਹੇ ਦੀ ਸੀ.ਆਈ.ਏ ਟੀਮ ਦਾ ਸਾਬਕਾ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਦੀਪਕ ਟੀਨੂੰ ਨੂੰ ਲੈ ਕੇ ਨਿੱਜੀ ਗੱਡੀ ਵਿੱਚ ਆਪਣੇ ਸਰਕਾਰੀ ਘਰ ਪਹੁੰਚਿਆ ਸੀ, ਜਿੱਥੇ ਪਹਿਲਾਂ ਹੀ ਉਸ ਦੀ ਗਰਲਫ੍ਰੈਂਡ ਮੌਜੂਦ ਸੀ। ਉਥੋਂ ਟੀਨੂੰ ਅਤੇ ਉਸ ਦੀ ਗਰਲਫ੍ਰੈਂਡ ਫਰਾਰ ਹੋ ਗਏ।
ਟੀਨੂੰ ਦੀ ਇਹ ਪ੍ਰੇਮਿਕਾ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਧਾਂਦਰਾ ਇਲਾਕੇ ਦੀ ਰਹਿਣ ਵਾਲੀ ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਪੁਲਿਸ ਪੁੱਛਗਿੱਛ ਲਈ ਟੀਨੂੰ ਦੀ ਗਰਲਫ੍ਰੈਂਡ ਦੀਆਂ ਦੀਆਂ ਦੋ ਸਹੇਲੀਆਂ ਦੀ ਵੀ ਭਾਲ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਟੀਨੂੰ ਦੀ ਪ੍ਰੇਮਿਕਾ ਨੂੰ ਮਾਨਸਾ ਲੈ ਕੇ ਗਏ ਸਨ, ਉਨ੍ਹਾਂ ‘ਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ। ਦੂਜੇ ਬੰਦੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਟੀਨੂੰ ਦੀ ਇਹ ਗਰਲਫ੍ਰੈਂਡ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਅਤੇ ਟੀਨੂੰ ਦੀ ਉਸ ਨਾਲ ਪਹਿਲੀ ਮੁਲਾਕਾਤ ਅਦਾਲਤ ਵਿੱਚ ਪੇਸ਼ੀ ਦੌਰਾਨ ਹੋਈ ਸੀ।
ਇਸ ਤੋਂ ਬਾਅਦ ਦੋਵੇਂ ਫੋਨ ‘ਤੇ ਗੱਲ ਕਰਦੇ ਰਹੇ। ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਐਸਆਈ ਪ੍ਰਿਤਪਾਲ ਸਿੰਘ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਦੇ ਮੋਬਾਈਲ ਤੋਂ ਵੀ ਟੀਨੂੰ ਦੀ ਗਰਲਫ੍ਰੈਂਡ ਦਾ ਨੰਬਰ ਲੈ ਕੇ ਜਾਂਚ ਕਰਨ ‘ਤੇ ਪਤਾ ਲੱਗਾ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਜਾਂਚ ਦੀ ਗੱਲ ਕਰਦੇ ਹੋਏ ਪੂਰੇ ਮਾਮਲੇ ‘ਚ ਚੁੱਪ ਵੱਟੀ ਬੈਠੇ ਹਨ।
ਦੱਸ ਦੇਈਏ ਕਿ ਗੈਂਗਸਟਰ ਦੀਪਕ ਟੀਨੂੰ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਟੀਨੂੰ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਮਿਲਿਆ ਸੀ। ਜੇਲ੍ਹ ਵਿੱਚ ਬੈਠ ਕੇ ਉਸ ਨੇ ਭੱਜਣ ਦੀ ਪੂਰੀ ਪਲਾਨਿੰਗ ਬਣਾਈ। ਸਬ-ਇੰਸਪੈਕਟਰ ਨੂੰ ਹਥਿਆਰ ਬਰਾਮਦ ਕਰਵਾਉਣ ਦਾ ਬਹਾਨਾ ਲਾਇਆ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਤੋਂ ਬਾਅਦ ਉਹ ਕੈਨੇਡਾ, ਅਮਰੀਕਾ ਜਾਂ ਨੇਪਾਲ ਦੇ ਰਸਤੇ ਦੁਬਈ ਭੱਜਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਆਪਣਾ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਸੰਗਰੂਰ : ਬੱਚਿਆਂ ਨੇ ਸਕੂਲ ਨੂੰ ਜਿੰਦਾ ਲਾ ਅੰਦਰ ਡੱਕੇ ਮਾਸਟਰ, ਬਾਹਰ ਰੋ-ਰੋ ਸੁਣਾਇਆ ਦੁਖੜਾ
ਸੂਤਰਾਂ ਮੁਤਾਬਕ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਸਬ-ਇੰਸਪੈਕਟਰ ਕੋਲੋਂ ਉਸ ਦੇ ਦੋ ਮੋਬਾਈਲ ਰਿਕਵਰ ਕਰ ਲਏ ਹਨ। ਇਨ੍ਹਾਂ ਵਿੱਚ ਟੀਨੂੰ ਦੀ ਗਰਲਫ੍ਰੈਂਡ ਦਾ ਨੰਬਰ ਵੀ ਪੁਲਿਸ ਨੂੰ ਮਿਲਿਆ ਹੈ, ਜਿਸ ਰਾਹੀਂ ਉਸ ਦੀ ਗਰਲਫ੍ਰੈਂਡ ਦੀ ਪਛਾਣ ਹੋਈ ਹੈ। ਫਿਲਹਾਲ ਉਸਦਾ ਨੰਬਰ ਬੰਦ ਹੈ। ਪੁੱਛਗਿੱਛ ਦੌਰਾਨ ਸਬ-ਇੰਸਪੈਕਟਰ ਅਜੇ ਵੀ ਦੀਪਕ ਟੀਨੂੰ ਕੋਲੋਂ ਏ.ਕੇ.47 ਵਰਗੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕਰ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੇ ਭੱਜਣ ਦੀ ਪਲਾਨਿੰਗ ਬਣਾਉਣ ਵਿਚ ਪ੍ਰੀਤਪਾਲ ਸਿੰਘ ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: