ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਚਰਚ ਦੀ ਕੀਤੀ ਗਈ ਭੰਨਤੋੜ ਵਾਲੀ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਇਸ ਦੀ ਜਾਂਚ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਤਰਨਤਾਰਨ ਅਧੀਨ ਪੈਂਦੇ ਕਸਬਾ ਪੱਟੀ ਦੇ ਪਿੰਡ ਠਰਪੁਰ ਇਕ ਚਰਚ ਵਿੱਚ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। CCTV ਵਿੱਚ ਦੋ ਦੋਸ਼ੀ ਦਿਖਾਈ ਦਿੱਤੇ, ਜਿਨ੍ਹਾਂ ਨੇ ਚਰਚ ਦੇ ਬਾਹਰ ਲੱਗੀ ਭਗਵਾਨ ਯੀਸ਼ੂ ਤੇ ਮਾਂ ਮਰੀਅਮ ਦੀ ਮੂਰਤੀ ਦਾ ਸਿਰ ਭੰਨ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਨਾ-ਮੁਆਫੀਯੋਗ ਘਟਨਾ ਦੀ ਤਹਿ ਤੱਕ ਜਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਸੂਬੇ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਦਾ ਹੱਥ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਮਕਸਦ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਅਤੇ ਪੰਜਾਬ ਦੀ ਫਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਲੀਹੋਂ ਲਾਹੁਣਾ ਸੀ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ ਤਾਂ ਜੋ ਭਵਿੱਖ ਵਿੱਚ ਬਾਕੀਆਂ ਨੂੰ ਸਬਕ ਮਿਲ ਸਕੇ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਕਿਸੇ ਨੂੰ ਵੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਘਟਨਾ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਤੁਰੰਤ ਅਤੇ ਨਤੀਜਾਮੁਖੀ ਢੰਗ ਰਾਹੀਂ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਦੇਸ਼ ਦਾ ਸ਼ਾਂਤਮਈ ਅਤੇ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਤੋਂ ਬਾਅਦ ਤੋਂ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਬੀਤੀ ਰਾਤ 12.30 ਵਜੇ ਕਰੀਬ 4 ਅਣਪਛਾਤੇ ਲੋਕ ਚਰਚ ਵਿੱਚ ਦਾਖਲ ਹੋਏ ਤੇ ਗਾਰਡ ਦੇ ਸਿਰ ‘ਤੇ ਪਿਸਤੌਲ ਰਖ ਉਸ ਦੀ ਬਾਂਹ ਨੂੰ ਬੰਨ੍ਹ ਦਿੱਤਾ। ਚਰਚ ਵਿੱਚ ਬਣੀ ਪਹਿਲੀ ਮੰਜ਼ਿਲ ‘ਤੇ ਮਾਤਾ ਮਰੀਅਮ ਤੇ ਭਗਵਾਨ ਯੀਸ਼ੂ ਦੀ ਮੂਰਤੀ ਨੂੰ ਤੋੜ ਦਿੱਤਾ।
ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ। ਦੋਸ਼ੀਆਂ ਨੇ ਮੂਰਤੀ ਦਾ ਸਿਰ ਵੱਖ ਕੀਤਾ ਤੇ ਉਸ ਨੂੰ ਚੁੱਕ ਕੇ ਨਾਲ ਲੈ ਗੇ। ਜਾਣ ਵੇਲੇ ਦੋਸ਼ੀ ਚਰਚ ਦੇ ਅੰਦਰ ਖੜ੍ਹੀ ਕਾਰ ਨੂੰ ਵੀ ਅੱਗ ਲਾ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਇੱਕ ਹੋਰ ਬੇਅਦਬੀ ਦੀ ਘਟਨਾ, ਫਗਵਾੜਾ ‘ਚ ਸ੍ਰੀ ਗੁਟਕਾ ਸਾਹਿਬ ਦੇ ਖਿਲਰੇ ਮਿਲੇ ਅੰਗ
ਘਟਨਾ ਮਗਰੋਂ ਹੁਣ ਇਸਾਈ ਧਰਮ ਦੇ ਲੋਕਾਂ ਨੇ ਸਵੇਰੇ ਪੱਟੀ-ਖੇਮਕਰਨ ਰਾਜ ਮਾਰਗ ਨੂੰ ਬੰਦ ਕਰ ਦਿੱਤਾ ਹੈ। ਧਰਨੇ ‘ਤੇ ਬੈਠੇ ਇਸਾਈ ਭਾਈਚਾਰੇ ਦੇ ਲੋਕ ਇਨਸਾਫ ਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: