ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਕਰਕੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਅਤੇ ਸੁਰੱਖਿਆ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਵੀ ਚਿੰਤਤ ਹੋ ਗਈ ਹੈ। ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਵਿਗਾੜਣ ਦੀਆਂ ਸਾਜ਼ਿਸ਼ਾਂ ਲਗਾਤਾਰ ਘੜੀਆਂ ਜਾ ਰਹੀਆਂ ਹਨ। ਮੋਹਾਲੀ ਵਿਖੇ ਖੁਫੀਆ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਦੇ ਤਾਰ ਪਾਕਿਸਤਾਨ ਨਾਲ ਜੁੜਦੇ ਨਜ਼ਰ ਆ ਰਹੇ ਹਨ, ਦੂਜੇ ਪਾਸੇ ਆਏ ਦਿਨ ਪਾਕਿਸਤਾਨ ਵੱਲੋਂ ਆ ਰਹੇ ਡਰੋਨ ਇਸ ਅਸੁਰੱਖਿਆ ਦੀ ਭਾਵਨਾ ਨੂੰ ਵਧਾ ਰਹੇ ਹਨ। ਹਾਲ ਹੀ ਵਿੱਚ ਪਟਿਆਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਵੀ ਸਰਕਾਰ ‘ਤੇ ਲਗਾਤਾਰ ਸਵਾਲ ਉਠ ਰਹੇ ਹਨ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਤੋਂ ਮਦਦ ਮੰਗੀ ਜਾ ਰਹੀ ਹੈ।
ਪੰਜਾਬ ਦੇ ਡੀਜੀਪੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਚਿੱਠੀ ਲਿਖੀ ਹੈ। ਇਸ ਤੋਂ ਇਲਾਵਾ ਪੰਜਾਬ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨੀਮ ਫੌਜੀ ਬਲਾਂ ਦੀਆਂ 10 ਕੰਪਨੀਆਂ ਦੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਡੀਜੀਪੀ ਵੀਕੇ ਭਾਵਰਾ ਦੱਸਿਆ ਸੀ ਕਿ ਮੋਹਾਲੀ ਬਲਾਸਟ ਦਾ ਦਾ ਮੁੱਖ ਮੁਲਜ਼ਮ ਲਖਬੀਰ ਸਿੰਘ ਲੰਡਾ ਗੈਂਗਸਟਰ ਸੀ। ਉਹ ਸਾਲ 2007 ਵਿੱਚ ਕੈਨੇਡਾ ਚਲਾ ਗਿਆ ਸੀ। ਉਹ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ ਵਿੱਚ ਹੈ। ਬੱਬਰ ਖਾਲਸਾ ਅਤੇ ਰਿੰਦਾ ਨੇ ਮਿਲ ਕੇ ਇਸ ਘਟਨਾ ਨੂੰ ਆਈ.ਐਸ.ਆਈ. ਦੀ ਮਦਦ ਨਾਲ ਅੰਜਾਮ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੂਜੇ ਪਾਸੇ ਹਾਲ ਹੀ ਵਿੱਚ ਕਰਨਾਲ ਤੋਂ ਚਾਰ ਅੱਤਵਾਦੀ ਧਮਾਕਾਖੇਜ਼ ਸਮੱਗਰੀ ਨਾਲ ਗ੍ਰਿਫਤਾਰ ਕੀਤੇ ਗਏ ਸਨ। ਇਹ ਚਾਰੇ ਪੰਜਾਬ ਦੇ ਰਹਿਣ ਵਾਲੇ ਸਨ। ਇਹ ਲੋਕ ਵੀ ਪਾਕਿਸਤਾਨ ਵਿੱਚ ਬੈਠੇ ਰਿੰਦਾ ਵੱਲੋਂ ਭੇਜੇ ਗਏ ਹਥਿਆਰ ਸਪਲਾਈ ਕਰਨ ਜਾ ਰਹੇ ਸਨ। ਸੂਤਰਾਂ ਮੁਤਾਬਕ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਲਈ ਡਰੋਨ ਸੈਂਟਰ ਵੀ ਬਣਾਇਆ ਗਿਆ ਹੈ। ਹਾਲ ਹੀ ਵਿੱਚ ਹੋਈ ਪਟਿਆਲਾ ਹਿੰਸਾ ਨੂੰ ਵੀ ਪੰਜਾਬ ਦਾ ਮਾਹੌਲ ਵਿਗਾੜਣ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਚੌਕੰਨੀ ਹੋ ਗਈ ਹੈ।