ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਪਿਛਲੇ ਸਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੇ ਮਾਮਲੇ ਵਿੱਚ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਦੇ ਦਿੱਤੀ ਸੀ ਪਰ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ ਕਿ ਮੁੱਖ ਮੰਤਰੀ ਦਾ ਇਹ ਬਿਆਨ ਸਿਆਸੀ ਸੀ। ਅਫਸਰ ਕਮੇਟੀ ਦੀ ਰਿਪੋਰਟ ਅਜੇ ਪੂਰੀ ਹੀ ਨਹੀਂ ਹੋਈ ਹੈ। ਇਸ ਗੱਲ ਦਾ ਖੁਲਾਸਾ ਨੈਸ਼ਨਲ ਐਸਸੀ ਕਮਿਸਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕੀਤਾ।
ਸਮਾਜਿਕ ਸੁਰੱਖਿਆ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਰਾਜੀ ਸ੍ਰੀਵਾਸਤਵ ਨੇ ਕੌਮੀ ਐਸਸੀ ਕਮਿਸ਼ਨ ਅੱਗੇ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਮਾਮਲੇ ਵਿੱਚ ਅਫਸਰ ਕਮੇਟੀ ਨੇ ਅਜੇ ਅਪਣੀ ਰਿਪੋਰਟ ਨਹੀਂ ਪੇਸ਼ ਕੀਤੀ ਹੈ। ਅਫਸਰ ਕਮੇਟੀ ਦੀ ਰਿਪੋਰਟ ਅਜੇ ਅਧੂਰੀ ਹੈ। ਇਸ ਦੇ ਪੂਰੀ ਹੋਣ ‘ਤੇ ਹੀ ਇਸ ਨੂੰ ਮੰਤਰੀ ਮੰਡਲ ਵਿੱਚ ਪੇਸ਼ ਕੀਤਾ ਜਾਵੇਗਾ।
ਸਾਂਪਲਾ ਨੇ ਕਿਹਾ ਕਿ ਅਧਿਕਾਰੀਆਂ ਮੁਤਾਬਕ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀ ਨੂੰ ਕਲੀਨ ਚਿੱਟ ਦੇਣਾ ਉਨ੍ਹਾਂ ਦਾ ਸਿਆਸੀ ਬਿਆਨ ਸੀ ।
ਇਹ ਵੀ ਪੜ੍ਹੋ : ਪੰਜਾਬ ਦੇ CM ਤੇ ਰਾਜਪਾਲ ਨੂੰ ਮਿਲੀ ਧਮਕੀ, ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ ਤਾਂ ਝੱਲਣਾ ਪਵੇਗਾ ਨੁਕਸਾਨ
ਦੱਸਣਯੋਗ ਹੈ ਕਿ ਬੀਤੇ ਵਰ੍ਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੋਏ ਕਰੋੜਾਂ ਦੇ ਘਪਲੇ ਦੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਸਰਾਕਰ ਨੇ ਕਲੀਨ ਚਿਟ ਦੇ ਦਿੱਤੀ ਸੀ। ਜਾਂਚ ਕਮੇਟੀ ਦੀ ਰਿਪੋਰਟ ਮੁਤਾਬਿਕ 63 ਕਰੋੜ ਰੁਪਏ ਦਾ ਘਪਲਾਨਹੀਂ ਹੋਇਆ, ਸਿਰਫ 7 ਕਰੋੜ ਰੁਪਏ ਦੀ ਵਜ਼ੀਫਾ ਰਾਸ਼ੀ ਦੀ ਗਲਤ ਵੰਡ ਹੋਈ ਹੈ। ਜਦਕਿ ਵਿਰੋਧੀ ਧਿਰਾਂ ਅਜੇ ਵੀ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਨ।