ਹਿਮਾਚਲ ਦੇ ਧਰਮਸ਼ਾਲਾ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਝੰਡੇ ਨਜ਼ਰ ਆਏ। ਇਨ੍ਹਾਂ ਝੰਡਿਆਂ ‘ਤੇ ਖਾਲਿਸਤਾਨ ਲਿਖਿਆ ਹੋਇਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਪੁਲਿਸ ਨੇ ਮੌਕੇ ‘ਤੇ ਜਾ ਕੇ ਲਾਹ ਦਿੱਤਾ। ਪੁਲਿਸ ਨੇ ਦੱਸਆ ਕਿ ਇਥੇ ਦੇ ਸਥਾਨਕ ਲੋਕਾਂ ਨੇ ਅੱਜ ਸਵੇਰੇ ਵਿਧਾਨ ਸਭਾ ਦੇ ਮੇਨ ਗੇਟ ‘ਤੇ ਕਾਲੇ ਝੰਡੇ ਲੱਗਣ ਦੀ ਸੂਚਨਾ ਦਿੱਤੀ। ਪੁਲਿਸ ਡੂੰਘਾਈ ਨਾਲ ਜਾਂਚ ਵਿੱਚ ਲੱਗੀ ਹੋਈ ਹੈ।
ਧਰਮਸ਼ਾਲਾ ਤਪੋਵਨ ਸਥਿਤ ਵਿਧਾਨ ਸਭਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਵਿਧਾਨ ਸਭਾ ਭਵਨ ਦੇ ਬਾਹਰਲੇ ਗੇਟ ਦੀ ਹੈ, ਜਿਥੇ ਖਾਲਿਸਤਾਨੀ ਝੰਡੇ ਨਜ਼ਰਾ ਆ ਰਹੇ ਹਨ। ਵੀਡੀਓ ਵਾਇਰਲ ਹੋਣ ਮਗਰੋਂ ਧਰਮਸ਼ਾਲਾ ਵਿੱਚ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਦੇ ਹੀ ਪੁਲਿਸ ਤੇ ਐੱਸ.ਡੀ.ਐੱਮ. ਸ਼ਿਲਪੀ ਵੇਕਟਾ ਵੀ ਮੌਕੇ ‘ਤੇ ਪਹੁੰਚੀ।
ਦੱਸ ਦੇਈਏ ਕਿ ਵਿਧਾਨ ਸਭਾ ਦੀਆਂ ਦੀਵਾਰਾਂ ‘ਤੇ ਵੀ ਖਾਲਿਸਤਾਨ ਲਿਖਿਆ ਹੋਇਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਝੰਡੇ ਕਿਸ ਨੇ ਇਥੇ ਲਾਏ। ਮੌਕੇ ‘ਤੇ ਪਹੁੰਚੇ ਐੱਸ.ਪੀ. ਕਾਂਗੜਾ ਖੁਸ਼ਾਲ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਦੇਰ ਰਾਤ ਜਾਂ ਸਵੇਰ ਦੀ ਹੋ ਸਕਦੀ ਹੈ। ਅਸੀਂ ਵਿਧਾਨ ਸਭਾ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਟੂਰਿਸਟਾਂ ਦੀ ਹਰਕਤ ਹੋ ਸਕਦੀ ਹੈ। ਅਸੀਂ ਅੱਜ ਕੇਸ ਦਰਜ ਕਰਨ ਜਾ ਰਹੇ ਹਾਂ।
ਮੀਡੀਆ ਰਿਪਰਟਾਂ ਮੁਤਾਬਕ 6 ਮਾਰਚ ਨੂੰ ਹੀ ਇਸ ਦਾ ਅਲਰਟ ਜਾਰੀ ਕੀਤਾ ਸੀ। ਖੁਫੀਆ ਵਿਭਾਗ ਨੇ ਦੱਸਿਆ ਸੀ ਕਿ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਲੈਟਰ ਜਾਰੀ ਕਰਕੇ ਹਿਮਾਚਲ ਪ੍ਰਦੇਸ਼ ਦੇ ਸੀ.ਐੱਮ. ਨੂੰ ਧਮਕੀ ਦਿੱਤੀ ਸੀ ਕਿ ਉਹ ਸ਼ਿਮਲਾ ਵਿੱਚ ਭਿੰਡਰਾਵਾਲਾ ਤੇ ਖਾਲਿਸਤਾਨ ਦਾ ਝੰਡਾ ਲਹਿਰਾਏਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਿੱਖ ਫਾਰ ਜਸਟਿਸ ਹਿਮਾਚਲ ਪ੍ਰਦੇਸ਼ ਵਿੱਚ ਭਿੰਡਰਾਵਾਲੇ ਤੇ ਖਾਲਿਸਤਾਨੀ ਝੰਡੇ ਲੱਗੀਆਂ ਗੱਡੀਆਂ ਦੇ ਬੈਨ ਨਾਲ ਭੜਕਿਆ ਹੋਇਆ ਹੈ। ਸੰਗਠਨ ਨੇ 29 ਮਾਰਚ ਨੂੰ ਖਾਲਿਸਤਾਨੀ ਝੰਡਾ ਲਾਉਣ ਦਾ ਐਲਾਨ ਕੀਤਾ ਸੀ ਪਰ ਭਾਰੀ ਸੁਰੱਖਿਆ ਕਰਕੇ ਅਜਿਹੀ ਕੋਈ ਹਰਕਤ ਨਹੀਂ ਹੋ ਸਕੀ ਸੀ, ਹਾਲਾਂਕਿ ਹੁਣ ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ ਕਿ ਝੰਡੇ ਕਿਸ ਨੇ ਲਾਏ ਹਨ।