ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਡਾ ਐਕਸ਼ਨ ਲੈਂਦੇ ਹੋਇਆ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿੰਗਲਾ ਸਿਹਤ ਵਿਭਾਗ ਵਿਚ ਹਰ ਕੰਮ ਅਤੇ ਟੈਂਡਰ ਬਦਲੇ 1 ਫੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਸਨ। ਬਰਖਾਸਤਗੀ ਦੇ ਬਾਅਦ ਪੰਜਾਬ ਪੁਲਿਸ ਦੇ ਐਂਟੀ ਕਰੱਪਸ਼ਨ ਵਿੰਗ ਨੇ ਸਿੰਗਲਾ ਖਿਲਾਫ ਕੇਸ ਦਰਜ ਕਰਕੇ ਉੁਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮੋਹਾਲੀ ਦੇ ਫੇਜ਼-8 ਪੁਲਿਸ ਥਾਣੇ ‘ਚ ਰੱਖਿਆ ਗਿਆ ਹੈ ਜਿਥੇ ਸੀਨੀਅਰ ਅਧਿਕਾਰੀ ਉਨ੍ਹਾਂ ਤੋਂ ਪੁੱਛਗਿਛ ਕਰ ਰਹੇ ਹਨ।
ਪੰਜਾਬ ਦੇ ਸਿਹਤ ਮੰਤਰੀ ਰਹਿੰਦੇ ਹੋਏ ਵਿਜੇ ਸਿੰਗਲਾ ਨੇ 23 ਮਾਰਚ ਨੂੰ ਕਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਕੁਰੱਪਸ਼ਨ ‘ਤੇ ਜ਼ੀਰੋ ਟੋਲਰੈਂਸ ਦਾ ਦਾਅਵਾ ਵੀ ਕੀਤਾ ਸੀ। ਉਸ ਬਿਆਨ ਦੇ ਠੀਕ 62 ਦਿਨ ਬਾਅਦ ਮਤਲਬ 24 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੀ ਉਨ੍ਹਾਂ ਨੇ ਅਹੁਦੇ ਤੋਂ ਹਟਾ ਦਿੱਤਾ।
ਪੁਲਿਸ ਦੀ ਐੱਫਆਈਆਰ ਮੁਤਾਬਕ ਡਾ. ਵਿਜੇ ਸਿੰਗਲਾ ਖਿਲਾਫ ਮੋਹਾਲੀ ਦੇ ਐੱਸਈ ਰਾਜਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ। ਇਸ ਵਿਚ ਦੱਸਿਆ ਗਿਆ ਕਿ 58 ਕਰੋੜ ਦੇ ਕੰਸਟ੍ਰਕਸ਼ਨ ਵਰਕ ਦੀ ਅਲਾਟਮੈਂਟ ਦੇ ਬਦਲੇ ਸਿੰਗਲਾ ਨੇ 1.16 ਕਰੋੜ ਰੁਪਏ ਮੰਗੇ ਸਨ।ਇਸ ਵਿਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਕ ਮਹੀਨੇ ਪਹਿਲਾਂ ਮੰਤਰੀ ਨੇ ਉਨ੍ਹਾਂ ਨੂੰ ਬੁਲਾਇਆ ਸੀ। ਉਸ ਸਮੇਂ ਮੰਤਰੀ ਤੇ ਉਨ੍ਹਾਂ ਦਾ ਓਐੱਸਡੀ ਪ੍ਰਦੀਪ ਕੁਮਾਰ ਉਥੇ ਮੌਜੂਦ ਸੀ। ਮੰਤਰੀ ਨੇ ਕਿਹਾ ਕਿ ਮੈਂ ਕਿਤੇ ਜਾਣਾ ਹੈ। ਉਸ ਦਾ ਓਐੱਸਡੀ ਜੋ ਵੀ ਗੱਲ ਕਹੇ, ਉਸ ਨੂੰ ਮੰਨ ਲਓ ਤੇ ਉਂਝ ਹੀ ਕਰੋ।
ਐੱਸਈ ਰਾਜਿੰਦਰ ਸਿੰਘ ਨੇ ਦੱਸਿਆ ਕਿ 8 ਮਈ ਤੋਂ ਲਗਾਤਾਰ ਮੰਤਰੀ ਦਾ ਓਐੱਸਡੀ ਪ੍ਰਦੀਪ ਕੁਮਾਰ ਵ੍ਹਟਸਐਪ ‘ਤੇ ਕਾਲ ਕਰਕੇ ਪ੍ਰੇਸ਼ਾਨ ਕਰ ਰਿਹਾ ਸੀ। ਉਸ ਤੋਂ ਕਮਿਸ਼ਨ ਮੰਗਿਆ ਜਾ ਰਿਹਾ ਸੀ। 20 ਮਈ ਨੂੰਰਾਜਿੰਦਰ ਸਿੰਘ ਨੇ ਫਿਰ 10 ਲੱਖ ਰੁਪਏ ਮੰਗੇ। ਐੱਸਈ ਰਾਜਿੰਦਰ ਸਿੰਘ ਦੀ 30 ਨਵੰਬਰ ਨੂੰ ਰਿਟਾਇਰਮੈਂਟ ਹੈ, ਇਸ ਲਈ ਉਨ੍ਹਾਂ ਨੇ ਰਿਸ਼ਵਤਖੋਰੀ ਵਿਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: