ਬਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖ ਕੇ ਪੰਜਾਬ ਸਰਕਾਰ ਨੇ ਸਿੰਥੇਟਿਕ ਜਾਂ ਕੋਈ ਹੋਰ ਸਮੱਗਰੀ ਨਾਲ ਬਣੀ ਚੀਨੀ ਡੋਰ ਵੇਚਣ ਤੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਸ ਲੁਧਿਆਣਾ ਵਿੱਚ ਹੁਣ ਘਰ ਦੀਆਂ ਛੱਤਾਂ ‘ਤੇ ਡਰੋਨ ਦਾ ਸਖ਼ਤ ਪਹਿਰਾ ਰਹੇਗਾ।
ਸਮਰਾਲਾ ਵਿੱਚ ਪੁਲਿਸ ਨੇ ਚਾਇਨਾ ਡੋਰ ਰਾਹੀਂ ਪਤੰਗ ਉਡਾਉਣ ਵਾਲਿਆਂ ਦੀ ਪਛਾਣ ਕਰਨ ਤੇ ਵੀਡੀਓਗ੍ਰਾਫੀ ਕਰਨ ਲਈ ਡਰੋਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਡਰੋਨ ਉਡਾਇਆ ਜਾ ਰਿਹਾ ਹੈ।
ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਕਈ ਪਿੰਡਾਂ ਅਤੇ ਕਸਬਿਆਂ ਵਿਚ ਘਰਾਂ ਦੀਆਂ ਛੱਤਾਂ ‘ਤੇ ਪਤੰਗ ਉਡਾਉਣ ਵਾਲੇ ਨੌਜਵਾਨਾਂ ਦੀ ਇਸ ਨਾਲ ਆਸਾਨੀ ਨਾਲ ਪਛਾਣ ਹੋ ਜਾਵੇਗੀ। ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ਖ਼ਿਲਾਫ਼ ਇਰਾਦਾ-ਏ-ਕਤਲ ਦਾ ਕੇਸ ਦਰਜ ਕਰੇਗੀ। ਇਹ ਡਰੋਨ ਰਾਤ ਨੂੰ ਵੀ ਉਡਾਣ ਭਰੇਗਾ।
ਸੋਮਵਾਰ ਨੂੰ ਸਮਰਾਲਾ ਦੇ ਏਸੀਪੀ ਵਰਿਆਮ ਸਿੰਘ ਦੀ ਦੇਖ-ਰੇਖ ਹੇਠ ਡਰੋਨ ਉਡਾਇਆ ਗਿਆ। ਅਧਿਕਾਰੀਆਂ ਮੁਤਾਬਕ ਇਹ ਡਰੋਨ ਬਸੰਤ ਪੰਚਮੀ ਤੱਕ ਰੋਜ਼ਾਨਾ ਉਡੇਗਾ। ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜੇ ਕੋਈ ਵੀ ਵਿਅਕਤੀ ਡਰੋਨ ਰਾਹੀਂ ਚਾਈਨਾ ਡੋਰ ਤੋਂ ਪਤੰਗ ਉਡਾਉਂਦੇ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦੇਈਏ ਕਿ ਸਮਰਾਲਾ ‘ਚ ਜਦੋਂ ਡਰੋਨ ਉੱਡਦਾ ਹੈ ਤਾਂ ਘਰਾਂ ਦੀਆਂ ਛੱਤਾਂ ‘ਤੇ ਚਾਈਨਾ ਡੋਰ ਤੋਂ ਪਤੰਗ ਉਡਾ ਰਹੇ ਬੱਚੇ ਪਤੰਗਾਂ ਛੱਡ ਕੇ ਪੌੜੀਆਂ ਤੋਂ ਹੇਠਾਂ ਉਤਰ ਰਹੇ ਹਨ। ਇਸ ਦੌਰਾਨ ਡਰੋਨ ਨੂੰ ਉੱਡਦਾ ਦੇਖ ਕੇ ਕੁਝ ਬੱਚੇ ਅਤੇ ਨੌਜਵਾਨ ਇਧਰ-ਉਧਰ ਲੁਕ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਸੀਨੀਅਰ ਅਧਿਕਾਰੀ ਰੋਜ਼ਾਨਾ ਡਰੋਨ ਦੀ ਵੀਡੀਓ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਵਿਚਾਲੇ ਪੰਜਾਬ-ਹਰਿਆਣਾ ‘ਚ ਅੱਜ ਮੀਂਹ ਦੇ ਗੜੇਮਾਰੀ ਦੇ ਆਸਾਰ, ਯੈਲੋ ਅਲਰਟ ਜਾਰੀ
ਦੱਸ ਦਈਏ ਕਿ ਜਿਸ ਵੀ ਇਲਾਕੇ ‘ਚ ਡਰੋਨ ਉਡਾਇਆ ਜਾਣਾ ਹੈ, ਉੱਥੇ ਸੀਨੀਅਰ ਅਧਿਕਾਰੀ ਮੌਜੂਦ ਹਨ। ਚਾਈਨਾ ਡੋਰ ਰਾਹੀਂ ਪਤੰਗ ਉਡਾਉਣ ਵਾਲੇ ਡਰੋਨ ‘ਚ ਜੋ ਵੀ ਫੜਿਆ ਗਿਆ, ਉਸ ‘ਤੇ ਕਾਰਵਾਈ ਯਕੀਨੀ ਹੈ ਕਿਉਂਕਿ ਡਰੋਨ ਦਾ ਰੋਜ਼ਾਨਾ ਡਾਟਾ ਰਿਕਾਰਡ ‘ਚ ਸਟੋਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀ ਹੁਣ ਰਿਕਾਰਡ ਦੇਖ ਕੇ ਲੋਕਾਂ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰਨ ਜਾ ਰਹੇ ਹਨ।
ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਜਿਹੜੇ ਬੱਚੇ ਜ਼ਿਆਦਾ ਛੋਟੇ ਹਨ ਜਾਂ ਘਰਾਂ ਵਿੱਚ ਡਰੋਨ ਉੱਡਦਾ ਵੇਖ ਲੁਕ ਰਹੇ ਹਨ, ਉਨ੍ਹਾਂ ਦੇ ਮਾਪਿਆਂ ‘ਤੇ ਮਾਮਲਾ ਦਰਜ ਕੀਤਾ ਜਾਏਗਾ, ਕਿਉਂਕਿ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਲਈ ਪੈਸੇ ਮਾਪੇ ਹੀ ਦੇ ਰਹੇ ਹਨ। ਇਲਾਕੇ ‘ਚ ਜੋ ਦੁਕਾਨਦਾਰ ਹਨ, ਉਨ੍ਹਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜੇ ਕਿਸੇ ਦੁਕਾਨਦਾਰ ਤੋਂ ਇੱਕ ਵੀ ਗੱਟੂ ਮਿਲਿਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: