ਜਲੰਧਰ : ਵਿਧਾਨ ਸਭਾ ਚੋਣਾਂ ਦਾ ਸਮਾਂ ਸਿਰ ‘ਤੇ ਹੈ ਤੇ ਕਾਂਗਰਸ ਵਿੱਚ ਨਵੇਂ ਕਲੇਸ਼ ਉਭਰ ਕੇ ਸਾਹਮਣੇ ਆ ਰਹੇ ਹਨ। ਆਪਣੀ ਹੀ ਪਾਰਟੀ ਦੇ ਲੀਡਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਰਾਣਾ ਗੁਰਜੀਤ ਨੇ ਹੁਣ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ‘ਤੇ ਸੂਬੇ ‘ਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ ਹਨ।
ਦੱਸ ਦੇਈਏ ਕਿ ਅਵਤਾਰ ਹੈਨਰੀ ਦੇ ਪੁੱਤਰ ਬਾਵਾ ਹੈਨਰੀ ਜਲੰਧਰ ਉੱਤਰੀ ਸੀਟ ਤੋਂ ਚੋਣ ਲੜ ਰਹੇ ਹਨ। ਗੁਰਜੀਤ ਰਾਣਾ 2004-09 ਵਿੱਚ ਜਲੰਧਰ ਤੋਂ ਸੰਸਦ ਮੈਂਬਰ ਰਹੇ ਹਨ ਅਤੇ ਉਦੋਂ ਤੋਂ ਹੀ ਉਨ੍ਹਾਂ ਦੇ ਹੈਨਰੀ ਨਾਲ ਚੰਗੇ ਸਬੰਧ ਨਹੀਂ ਰਹੇ ਹਨ।
ਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਅਵਤਾਰ ਹੈਨਰੀ ਦੇ ਹਲਕੇ ਤੋਂ ਸ਼ੁਰੂ ਹੋਇਆ ਸੀ। ਹੈਨਰੀ ਨੇ ਹੀ ਕਾਜ਼ੀ ਮੰਡੀ ਇਲਾਕੇ ਵਿੱਚ ਸਪਲਾਈ ਨੂੰ ਉਤਸ਼ਾਹਿਤ ਕੀਤਾ। ਉਸ ਨੇ ਸੱਤਾ ‘ਤੇ ਕਾਬਜ਼ ਹੋਣ ਲਈ ਗੈਂਗਸਟਰਾਂ ਨੂੰ ਸਰਪ੍ਰਸਤੀ ਵੀ ਦਿੱਤੀ।
ਦੂਜੇ ਪਾਸੇ ਅਵਤਾਰ ਹੈਨਰੀ ਨੇ ਰਾਣਾ ਗੁਰਜੀਤ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਜ਼ੀ ਮੰਡੀ ਮੇਰੇ ਹਲਕੇ ਵਿੱਚ ਨਹੀਂ ਆਉਂਦੀ। ਇਹ ਜਲੰਧਰ ਕੇਂਦਰੀ ਸੀਟ ਦਾ ਹਿੱਸਾ ਹੈ। ਇਸ ਲਈ, ਮੈਂ ਇਸ ਲਈ ਕਿਵੇਂ ਦੋਸ਼ੀ ਹਾਂ?
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਹੈਨਰੀ ਨੇ ਕਿਹਾ ਕਿ ਮੈਂ ਬੱਸ ਇਹੀ ਚਾਹੁੰਦਾ ਹਾਂ ਕਿ ਰਾਣਾ ਪਾਰਟੀ ਦੀ ਸਮੂਹਿਕ ਜਿੱਤ ਲਈ ਕੰਮ ਕਰਨ। ਜੇ ਉਹ ਦੂਜੇ ਵਿਧਾਇਕਾਂ ਨੂੰ ਹਰਾਉਣ ਵਿੱਚ ਲੱਗੇ ਰਹਿਣਗੇ ਤਾਂ ਉਹ ਮੰਤਰੀ ਨਹੀਂ ਬਣੇ ਰਹਿ ਸਕਣਗੇ। ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ।
ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿੱਚ ਅਜਿਹੇ ਵਿਵਾਦ ਸਾਹਮਣੇ ਉਭਰ ਕੇ ਆ ਰਹੇ ਹਨ। ਹਾਲ ਹੀ ਵਿੱਚ ਸੁਖਪਾਲ ਖਹਿਰਾ ਸਣੇ ਕਾਂਗਰਸੀ ਵਿਧਾਇਕਾਂ ਨੇ ਰਾਣਾ ਗੁਰਜੀਤ ਖ਼ਿਲਾਫ਼ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮੋਰਚਾ ਖੋਲ੍ਹਿਆ ਸੀ ਤੇ ਹੁਣ ਰਾਣਾ ਗੁਰਜੀਤ ਅਵਤਾਰ ਹੈਨਰੀ ਖ਼ਿਲਾਫ ਉਤਰ ਆਏ ਹਨ। ਪਾਰਟੀ ਦੇ ਲੀਡਰਾਂ ਵਿੱਚ ਇਸ ਵੇਲੇ ਕਲੇਸ਼ ਦਾ ਖ਼ਮਿਆਜ਼ਾ ਪੂਰੀ ਕਾਂਗਰਸ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।